03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਗਊਸ਼ਾਲਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਨੇ ਵਿਧਾਇਕ ਚੱਢਾ ਸਮੇਤ ਗਊਸ਼ਾਲਾ ਸੁੱਖੇਮਾਜਰਾ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 25-06-2026
ਨੂਰਪੁਰ ਬੇਦੀ, 24 ਜੂਨ (ਹਰਦੀਪ ਸਿੰਘ ਢੀਂਡਸਾ)- ਪੰਜਾਬ ਗਊਸ਼ਾਲਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਵਲੋਂ ਅੱਜ ਸੁੱਖੇਮਾਜਰਾ ਗਊਸ਼ਾਲਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਰਹੇ। ਦੌਰੇ ਦੌਰਾਨ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਰੂਪਨਗਰ, ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਦੇ ਅਧਿਕਾਰੀ, ਡੀ.ਡੀ.ਪੀ.ਓ., ਬੀ.ਡੀ.ਪੀ.ਓ. ਨੂਰਪੁਰ ਬੇਦੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕੀਮਤੀ ਭਗਤ ਵਲੋਂ ਗਊਸ਼ਾਲਾ ’ਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਨੇ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਨਗਰ ਕੌਂਸਲਾਂ ਵੱਲੋਂ ਕਾਉ ਸੈੱਸ ਜਾਂ ਹੋਰ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਜਾਣੀ ਬਾਕੀ ਹੈ, ਉਸ ਨੂੰ ਤੁਰੰਤ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਗਊਸ਼ਾਲਾ ਦੇ ਵਿਕਾਸ ਅਤੇ ਸੰਭਾਲ ਕਾਰਜਾਂ ਵਿਚ ਕੋਈ ਰੁਕਾਵਟ ਨਾ ਆਵੇ। ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗਊਸ਼ਾਲਾਵਾਂ ਦੇ ਵਿਕਾਸ ਅਤੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ, ਬੁਨਿਆਦੀ ਸਹੂਲਤਾਂ ਵਧਾਉਣ, ਚਾਰੇ ਅਤੇ ਪਾਣੀ ਦੀ ਉਚਿਤ ਵਿਵਸਥਾ ਯਕੀਨੀ ਬਣਾਉਣ ਅਤੇ ਪਸ਼ੂਆਂ ਦੀ ਬਿਹਤਰ ਦੇਖਭਾਲ ਲਈ ਕਈ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਸਿਰਫ਼ ਧਾਰਮਿਕ ਅਤੇ ਸਮਾਜਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਪਸ਼ੂ ਕਲਿਆਣ ਅਤੇ ਵਾਤਾਵਰਨ ਸੁਰੱਖਿਆ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੱਖੇ ਮਾਜਰਾ ਗਊਸ਼ਾਲਾ ਲਈ ਨਵਾਂ ਟਰੈਕਟਰ ਖਰੀਦ ਕੇ ਦਿੱਤਾ ਗਿਆ ਹੈ ਜਿਸ ਨਾਲ ਗਊਸ਼ਾਲਾ ਦੇ ਰੋਜ਼ਾਨਾ ਕੰਮਾਂ ’ਚ ਕਾਫ਼ੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਕਰੀਬ 14 ਏਕੜ ਜ਼ਮੀਨ ਵਿਚ ਜਲਦ ਹੀ ਹਰਾ ਚਾਰਾ ਬੀਜਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ, ਜਿਸ ਨਾਲ ਪਸ਼ੂਆਂ ਲਈ ਚਾਰੇ ਦੀ ਸਥਾਈ ਤੇ ਗੁਣਵੱਤਾ ਭਰੀ ਵਿਵਸਥਾ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਸੁੱਖੇ ਮਾਜਰਾ ਗਊਸ਼ਾਲਾ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੀ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਪਸ਼ੂਆਂ ਦੀ ਦੇਖਭਾਲ, ਚਾਰੇ ਅਤੇ ਹੋਰ ਪ੍ਰਬੰਧ ਸੁਚਾਰੂ ਤਰੀਕੇ ਨਾਲ ਹੋ ਰਹੇ ਹਨ। ਕੀਮਤੀ ਭਗਤ ਨੇ ਵੀ ਗਊਸ਼ਾਲਾ ਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਅਜਿਹੀਆਂ ਸੰਸਥਾਵਾਂ ਹੋਰ ਮਜ਼ਬੂਤ ਬਣਦੀਆਂ ਹਨ ਅਤੇ ਬੇਸਹਾਰਾ ਪਸ਼ੂਆਂ ਨੂੰ ਸੁਰੱਖਿਅਤ ਆਸਰਾ ਮਿਲਦਾ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜ ਕੁਮਾਰ, ਚੌਧਰੀ ਮੋਹਨ ਲਾਲ, ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਸਰਪੰਚ ਰਾਮ ਬਾਠ, ਸਰਪੰਚ ਰਵਿੰਦਰ ਸਿੰਘ ਸਿੰਘਪੁਰ, ਕੁਲਦੀਪ ਸ਼ਰਮਾ, ਕੁਲਬੀਰ ਸਿੰਘ, ਟੀਨੂ ਰਾਣਾ ਸਾਬਕਾ ਸਰਪੰਚ ਸਿੰਘਪੁਰ, ਕੁਲਦੀਪ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਵਲੋਂ ਜ਼ੋਰਦਾਰ ਰੋਸ ਰੈਲੀ ਅਗਲੀ ਖ਼ਬਰ ਡੀਸਿਲਟਿੰਗ ਦੇ ਨਾਂਅ ’ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਖ਼ਿਲਾਫ ਕਾਂਗਰਸ ਪਾਰਟੀ ਸੰਘਰਸ਼ ਆਰੰਭੇਗੀ-ਅਸ਼ਵਨੀ ਸ਼ਰਮਾ
Ad Position 24
No active advertisement