ਰੂਪਨਗਰ, 25 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਅੱਜ 26 ਜੂਨ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਜਯੋਤੀ ਗੈਸ ਸਰਵਿਸ ਅਤੇ ਮੁੱਖ ਮੰਤਰੀ ਤੀਰਥ ਯਾਤਰਾ (ਕਾਨਫ਼ਰੰਸ ਅਤੇ ਇਵੈਂਟ ਮੈਨੇਜਮੈਂਟ) ਵਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜਯੋਤੀ ਗੈਸ ਸਰਵਿਸ ਵਲੋਂ ਕੰਪਿਊਟਰ ਆਪਰੇਟਰ ਦੀ ਅਸਾਮੀ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 10,000 ਤੋਂ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡਰਾਈਵਰ ਦੀ ਅਸਾਮੀ ਲਈ ਦਸਵੀਂ ਜਾਂ ਬਾਰ੍ਹਵੀਂ ਪਾਸ ਅਤੇ ਐਲ.ਐਮ.ਵੀ. ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਸੇਵਾਦਾਰ (ਕੇਵਲ ਮਹਿਲਾਵਾਂ ਲਈ) ਦੀਆਂ ਦੋ ਅਸਾਮੀਆਂ ਲਈ ਪੰਜਵੀਂ, ਅੱਠਵੀਂ ਜਾਂ ਦਸਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਚੁਣੀਆਂ ਗਈਆਂ ਉਮੀਦਵਾਰਾਂ ਨੂੰ 8,000 ਤੋਂ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਸੇ ਤਰ੍ਹਾਂ ਮੁੱਖ ਮੰਤਰੀ ਤੀਰਥ ਯਾਤਰਾ (ਕਾਨਫਰੰਸ ਅਤੇ ਇਵੈਂਟ ਮੈਨੇਜਮੈਂਟ) ਵਲੋਂ ਪੀ.ਆਰ. ਸਟਾਫ਼ ਦੀਆਂ 5 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਗ੍ਰੈਜੂਏਸ਼ਨ ਪਾਸ, ਪੀ.ਆਰ. ਖੇਤਰ ਦਾ ਤਜਰਬਾ, ਵਧੀਆ ਸੰਚਾਰ ਹੁਨਰ ਅਤੇ ਆਪਣਾ ਵਾਹਨ ਰੱਖਣ ਵਾਲੇ ਉਮੀਦਵਾਰ ਯੋਗ ਹੋਣਗੇ। ਚੁਣੇ ਗਏ ਉਮੀਦਵਾਰਾਂ ਨੂੰ 16,000 ਤੋਂ 18,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਹੀ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਨੌਕਰੀ ਦਾ ਸਥਾਨ ਰੂਪਨਗਰ, ਨੂਰਪੁਰ ਬੇਦੀ, ਸ੍ਰੀ ਚਮਕੌਰ ਸਾਹਿਬ ਅਤੇ ਬੇਲਾ ਹੋਵੇਗਾ। ਉਨ੍ਹਾਂ ਸਮੂਹ ਯੋਗ ਅਤੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ 26 ਜੂਨ 2026 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਕੇ ਇੰਟਰਵਿਊ ਵਿਚ ਸ਼ਾਮਲ ਹੋਣ।