ਨੂਰਪੁਰ ਬੇਦੀ, 26 ਜੂਨ (ਵਿੰਦਰਪਾਲ ਝਾਂਡੀਆਂ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ‘ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਤਹਿਤ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਜੰਗੀ ਪੱਧਰ ‘ਤੇ ਕੰਮ ਜਾਰੀ ਹੈ। ਇਸ ਤਹਿਤ ਬੀ.ਐਲ.ਓਜ਼. ਵਲੋਂ ਅੱਜ ਪਿੰਡਾਂ ‘ਚ ਘਰ-ਘਰ ਜਾ ਕੇ ਐਸ.ਆਈ.ਆਰ. ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ, ਜਦਕਿ ਉਕਤ ਮੁਹਿੰਮ ਦੇ ਸੁਪਰਵਾਈਜ਼ਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਐਸ.ਆਈ.ਆਰ ਦੇ ਕੰਮ ਦਾ ਨਿਰੀਖਣ ਕੀਤਾ। ਪਿੰਡ ਔਲਖ ਵਿਖੇ ਗੱਲਬਾਤ ਕਰਦਿਆਂ ਸੁਪਰਵਾਈਜ਼ਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਐਸ.ਆਈ.ਆਰ. ਦੀ ਸਮੁੱਚੀ ਪ੍ਰਕਿਰਿਆ ਨੂੰ 24 ਜੁਲਾਈ ਤੱਕ ਹਰ ਹਾਲ ‘ਚ ਮੁਕੰਮਲ ਕੀਤਾ ਜਾਵੇਗਾ, ਜਿਸ ਲਈ ਚੋਣ ਅਮਲਾ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਦੇ ਤੁਰੰਤ ਨਿਪਟਾਰੇ ਲਈ ਵੀ ਜ਼ਿਲ੍ਹਾ ਪੱਧਰ ‘ਤੇ ਰੂਪਨਗਰ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤੇ ਗਏ ਹਨ, ਜਿੱਥੇ ਕੋਈ ਵੀ ਨਾਗਰਿਕ ਆਪਣੀ ਸਮੱਸਿਆ ਜਾਂ ਸੁਝਾਅ ਦਰਜ ਕਰਵਾ ਸਕਦਾ ਹੈ।