ਨੂਰਪਰਬੇਦੀ, 26 ਜੂਨ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੀ ਸਰਬ ਸੰਗਤ ਵਲੋਂ ਸ੍ਰੀ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਤਿਪੁਰਸ਼ ਸਦਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੈਅੰਤੀ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਮਿਤੀ 27, 28 ਅਤੇ 29 ਜੂਨ ਨੂੰ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸੁਯੋਗ ਸਰਪ੍ਰਸਤੀ ਹੇਠ ਸ਼ਰਧਾ ‘ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਤਿੰਨ ਰੋਜ਼ਾ ਸੰਤ ਸਮਾਗਮ ਦੇ ਮੱਦੇਨਜ਼ਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਨੂੰ ਆਧੁਨਿਕ ਰੰਗ ਬਰੰਗੀਆਂ ਸੁੰਦਰ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ, ਜੋ ਰਾਤ ਸਮੇਂ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸਤਪੁਰਖ ਸਦਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਜੈਅੰਤੀ ਮਨਾਉਣ ਲਈ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ‘ਤੇ 27 ਜੂਨ ਦਿਨ ਸ਼ਨੀਵਾਰ ਨੂੰ ਆਚਾਰੀਆ ਜੀ ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਕਰਨਗੇ। 28 ਜੂਨ ਦਿਨ ਐਤਵਾਰ ਨੂੰ ਮੱਧ ਦੇ ਭੋਗ ਪਾਉਣਗੇ। ਇਸੇ ਹੀ ਦਿਨ ਮਹਾਰਾਜ ਲਾਲ ਦਾਸ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਚੈਰੀਟੇਬਲ ਟਰੱਸਟ ਵਲੋਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। 29 ਜੂਨ ਨੂੰ ਦਿਨ ਸੋਮਵਾਰ ਕਬੀਰ ਜੈਅੰਤੀ ਮੌਕੇ ‘ਤੇ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਵੇਦਾਂਤ ਆਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਪਾਉਣਗੇ। ਤਿੰਨ ਰੋਜ਼ਾ ਸੰਤ ਸਮਾਗਮ ਦੌਰਾਨ ਸ਼ਾਮ ਨੂੰ ਸੰਧਿਆ ਆਰਤੀ ਉਪਰੰਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਸਹਿਤ ਵੱਖ-ਵੱਖ ਸੰਪਰਦਾਇ ਤੋਂ ਪੁੱਜੇ ਸੰਤ ਮਹਾਂਪੁਰਸ਼ ਸਤਿਸੰਗ ਉਪਦੇਸ਼ ਜ਼ਰੀਏ ਸੰਗਤਾਂ ਤੇ ਅੰਮ੍ਰਿਤ ਵਰਖਾ ਕਰਕੇ ਪਰਮਾਰਥ ਨਾਲ ਜੋੜਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਵਿਸ਼ਾਲ ਸੰਤ ਸਮਾਗਮ ਨੂੰ ਸੰਚਾਰੂ ਰੂਪ ਚਲਾਉਣ ‘ਤੇ ਸਫਲਤਾਪੂਰਵਕ ਨਪੇਰੇ ਚੜ੍ਹਾਉਣ ਲਈ ਸਮਾਗਮ ਨੂੰ 6 ਸੈਕਟਰਾਂ ‘ਚ ਵੰਡ ਕੇ 900 ਸੇਵਾਦਾਰਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ 26 ਜੂਨ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਪਹੁੰਚ ਕੇ ਆਪੋ ਆਪਣੀਆਂ ਸੇਵਾਵਾਂ ਸੰਭਾਲ ਲਈ ਹਨ।