ਰੂਪਨਗਰ, 30 ਜੂਨ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਨੇ ਰੋਟਰੀ ਡਿਸਟ੍ਰਿਕਟ 3080 ਦੇ ਸਾਲਾਨਾ ਪੁਰਸਕਾਰ ਸਮਾਰੋਹ ’ਹਮ-ਉਤਸਵ 2026’ ਵਿਚ 29 ਜ਼ਿਲ੍ਹਾ ਅਤੇ ਜ਼ੋਨ ਪੱਧਰੀ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ। 28 ਜੂਨ ਨੂੰ ਰੁੜਕੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਲੱਬ ਨੂੰ ਡਿਸਟ੍ਰਿਕਟ ਦੇ 128 ਰੋਟਰੀ ਕਲੱਬਾਂ ਵਿਚੋਂ ’ਸਰਵੋਤਮ ਕਲੱਬ’ ਐਲਾਨਿਆ ਗਿਆ। ਰੋਟਰੀ ਡਿਸਟ੍ਰਿਕਟ 3080 ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 128 ਰੋਟਰੀ ਕਲੱਬ ਸ਼ਾਮਲ ਹਨ। ਇਨ੍ਹਾਂ ਸਾਰੇ ਕਲੱਬਾਂ ਵਿਚੋਂ ਰੋਟਰੀ ਕਲੱਬ ਰੂਪਨਗਰ ਨੂੰ ਸਰਵੋਤਮ ਕਲੱਬ ਦਾ ਖ਼ਿਤਾਬ ਮਿਲਣਾ ਜ਼ਿਲ੍ਹੇ ਲਈ ਮਾਣ ਵਾਲੀ ਉਪਲਬਧੀ ਹੈ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਨੂੰ ‘ਡਿਸਟ੍ਰਿਕਟ 3080 ਦੇ ਸਰਵੋਤਮ ਪ੍ਰਧਾਨ’ ਦਾ ਵੱਕਾਰੀ ਪੁਰਸਕਾਰ ਦਿੱਤਾ ਗਿਆ, ਜਦਕਿ ਰੋਟੇਰੀਅਨ ਵੰਦਨਾ ਸ਼ਰਮਾ ਨੂੰ ’ਡਿਸਟ੍ਰਿਕਟ ਦੀ ਸਰਵੋਤਮ ਕੋ-ਪਾਇਲਟ’ ਚੁਣਿਆ ਗਿਆ। ਇਸ ਤੋਂ ਇਲਾਵਾ ਪੀ.ਡੀ.ਜੀ. ਡਾ. ਆਰ.ਐਸ. ਪਰਮਾਰ ਅਤੇ ਪੀਡੀਜੀ ਚੇਤਨ ਅਗਰਵਾਲ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ’ਸਨਮਾਨ ਪੁਰਸਕਾਰ’ ਨਾਲ ਨਿਵਾਜਿਆ ਗਿਆ। ਵਿਅਕਤੀਗਤ ਸ਼੍ਰੇਣੀ ਵਿਚ ਰੋਟੇਰੀਅਨ ਗੁਰਪ੍ਰੀਤ ਸਿੰਘ ਨੂੰ ‘ਸਟਾਰ ਅਸਿਸਟੈਂਟ ਗਵਰਨਰ’, ਡਾ. ਅੰਕੁਰ ਵਾਹੀ ਨੂੰ ‘ਸਟਾਰ ਸੈਕਟਰੀ’, ਪੀ.ਪੀ. ਪ੍ਰਭਜੀਤ ਸਿੰਘ ਨੂੰ ’ਜ਼ੋਨ ਦੇ ਸਰਵੋਤਮ ਰੋਟੇਰੀਅਨ’, ਪੀ.ਪੀ. ਅਮਰ ਰਾਜ ਸੈਣੀ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਜਦਕਿ ਰੋਟੇਰੀਅਨ ਨਰਿੰਦਰ ਭੋਲਾ ਨੂੰ ਵੀ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ। ਇਸ ਤੋਂ ਇਲਾਵਾ ਰੋਟੇਰੀਅਨ ਪਰਮਿੰਦਰ ਕੁਮਾਰ, ਪ੍ਰਮੋਦ ਸ਼ਰਮਾ, ਅਸ਼ੋਕ ਚੱਢਾ, ਡੀ.ਐਸ. ਦਿਓਲ, ਅਵਨੀ ਵਾਹੀ ਅਤੇ ਸਾਲ 2026-27 ਲਈ ਚੁਣੀ ਗਈ ਪ੍ਰਧਾਨ ਮੈਡਮ ਗਗਨ ਸੈਣੀ ਨੂੰ ਵੀ ਸਮਾਜ ਸੇਵਾ ਦੇ ਖੇਤਰ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਜ਼ਿਲ੍ਹਾ ਗਵਰਨਰ ਵਲੋਂ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਰੂਪਨਗਰ ਨੇ ਜ਼ੋਨ ਪੱਧਰ ’ਤੇ ਵੀ ਕਈ ਵੱਕਾਰੀ ਪੁਰਸਕਾਰ ਆਪਣੇ ਨਾਮ ਕੀਤੇ। ਇਨ੍ਹਾਂ ਵਿਚ 100 ਫ਼ੀਸਦੀ ਟੀਆਰਐਫ ਕੰਟਰੀਬਿਊਟਰ ਕਲੱਬ ਅਵਾਰਡ, ਮੈਕਸੀਮਮ ਟੀ.ਆਰ.ਐਫ. ਕਲੈਕਸ਼ਨ ਅਵਾਰਡ, ਬੈੱਸਟ ਪ੍ਰੋਜੈਕਟ (ਫਸਟ ਏਡ ਰੂਮ ਇੰਸਟਾਲੇਸ਼ਨ), ਬੈਸਟ ਕੋ-ਪਾਇਲਟ ਪ੍ਰੋਜੈਕਟ (ਬੈਡਸ਼ੀਟਸ ਟੂ ਬੈਗਜ਼), ਬੈਸਟ ਪਬਲਿਕ ਇਮੇਜ ਪ੍ਰੋਜੈਕਟ (ਐਲਈਡੀ ਡਿਸਪਲੇਅ) ਅਤੇ ਬੈਸਟ ਰੈਗੂਲਰ ਪਬਲੀਕੇਸ਼ਨ (ਕਲੱਬ ਸਿਨਰਜੀ) ਸ਼ਾਮਲ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਨੇ ਕਿਹਾ ਕਿ ਇਹ ਇਤਿਹਾਸਕ ਸਫਲਤਾ ਕਲੱਬ ਦੇ ਹਰ ਮੈਂਬਰ ਦੀ ਨਿਸ਼ਠਾ, ਸੇਵਾ ਭਾਵਨਾ, ਅਨੁਸ਼ਾਸਨ ਅਤੇ ਮਜ਼ਬੂਤ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਸਮੂਹ ਕਲੱਬ ਮੈਂਬਰਾਂ, ਸੀਨੀਅਰ ਰੋਟੇਰੀਅਨਾਂ, ਕੋ-ਪਾਇਲਟ ਵੰਦਨਾ ਸ਼ਰਮਾ ਅਤੇ ਸਮੁੱਚੇ ਰੋਟਰੀ ਪਰਿਵਾਰ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਸਮਰਪਣ ਤੋਂ ਬਿਨਾਂ ਇਹ ਸਫਲਤਾ ਸੰਭਵ ਨਹੀਂ ਸੀ। ਰੋਟਰੀ ਕਲੱਬ ਰੂਪਨਗਰ ਦੀ ਇਹ ਇਤਿਹਾਸਕ ਉਪਲਬਧੀ ਨਾ ਸਿਰਫ਼ ਕਲੱਬ ਸਗੋਂ ਸਮੁੱਚੇ ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਸ ਪ੍ਰਾਪਤੀ ’ਤੇ ਕਲੱਬ ਦੇ ਮੈਂਬਰਾਂ, ਸਮਰਥਕਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਵਲੋਂ ਰੋਟਰੀ ਪਰਿਵਾਰ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।