ਪੁਰਖਾਲੀ, 30 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)- ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਰੋਪੜ ਜ਼ਿਲ੍ਹੇ ਦੇ ਅੰਦਰ ਖਾਦ ਦੀ ਵੱਡੀ ਫ਼ੈਕਟਰੀ ਹੋਣ ਦੇ ਬਾਵਜੂਦ, ਸਥਾਨਕ ਕਿਸਾਨਾਂ ਨੂੰ ਖਾਦ ਦੀ ਇੱਕ-ਇੱਕ ਬੋਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਪ੍ਰਸ਼ਾਸਨ ਅਤੇ ਸਰਕਾਰ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ?ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਕਿਸਾਨਾਂ ਨੇ ਫ਼ਸਲ ਬੀਜਣੀ ਹੁੰਦੀ ਹੈ, ਉਸੇ ਐਨ ਮੌਕੇ ‘ਤੇ ਖਾਦਾਂ ਦੀ ਕਮੀ ਪੈਦਾ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਲੱਗੀ ਫ਼ੈਕਟਰੀ ਦਾ ਫ਼ਾਇਦਾ ਸਥਾਨਕ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਤਾਂ ਆਸਾਨੀ ਨਾਲ ਖਾਦਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਪਰ ਜਿਹੜਾ ਅੰਨਦਾਤਾ ਦਿਨ-ਰਾਤ ਮਿਹਨਤ ਕਰਦਾ ਹੈ ਪਰ ਉਸ ਨੂੰ ਮੌਕੇ ‘ਤੇ ਯੂਰੀਆ ਤੱਕ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਾਰ ਵੱਡੀਆਂ ਫ਼ੈਕਟਰੀਆਂ ਵਿਚੋਂ ਗੈਰ-ਕਾਨੂੰਨੀ ਤਰੀਕੇ ਨਾਲ ਜਾਂਦੀ ਖਾਦ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੋਸ਼ੀਆਂ ‘ਤੇ ਕੋਈ ਠੋਸ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਨਿੱਜੀ ਕੰਪਨੀਆਂ ਅਤੇ ਡੀਲਰਾਂ ਵਲੋਂ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਥੋੜ੍ਹੀ-ਬਹੁਤ ਖਾਦ ਮਿਲਦੀ ਵੀ ਹੈ, ਤਾਂ ਕੰਪਨੀਆਂ ਵਲੋਂ ਧੱਕੇਸ਼ਾਹੀ ਨਾਲ ਯੂਰੀਆ ਦੇ ਨਾਲ ਕੋਈ ਨਾ ਕੋਈ ਹੋਰ ਬੇਲੋੜਾ ਪ੍ਰੋਡਕਟ ਥੋਪ ਦਿੱਤੇ ਜਾਂਦੇ ਹਨ। ਜੇਕਰ ਕਿਸਾਨ ਉਹ ਵਾਧੂ ਸਾਮਾਨ ਲੈਣ ਤੋਂ ਮਨ੍ਹਾ ਕਰਦਾ ਹੈ, ਤਾਂ ਉਸ ਨੂੰ ਖਾਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਨਾ ਮਿਲਣ ‘ਤੇ ਕਿਸਾਨਾਂ ਦੀਆਂ ਹਮਦਰਦ ਕਹਾਉਣ ਵਾਲੀਆਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਵੀ ਇਸ ਸਬੰਧੀ ਜਵਾਬ ਦੇਹ ਹੋਣਾ ਚਾਹੀਦਾ ਅਤੇ ਪ੍ਰਸ਼ਾਸਨ ਨੂੰ ਵੀ ਸਹਿਕਾਰੀ ਸਭਾਵਾਂ ਦੀ ਕਾਰਗੁਜ਼ਾਰੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਵੀ ਕਿਸਾਨਾਂ ਦੀ ਬਾਂਹ ਫੜਨ ‘ਚ ਫ਼ੇਲ੍ਹ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਆ ਰਹੀ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਕਿੱਲਤ ਦਾ ਪੱਕਾ ਹੱਲ ਕੀਤਾ ਜਾਵੇ ਨਹੀਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।