ਸ੍ਰੀ ਕੀਰਤਪੁਰ ਸਾਹਿਬ, 7 ਜੁਲਾਈ (ਬੀਰ ਅਮ੍ਰਿਤਪਾਲ ਸਿੰਘ ਸੰਨੀ)-ਇੱਥੋਂ ਦੇ ਚੰਦਪੁਰ ਬੇਲਾ ਪੁਲ ਉੱਪਰੋਂ ਲੰਘ ਰਹੀ ਪੀਣ ਵਾਲੇ ਪਾਣੀ ਦੀ ਮੁੱਖ ਪਾਈਪ-ਲਾਈਨ ਨੂੰ ਸਫਲਤਾਪੂਰਵਕ ਤਬਦੀਲ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਨਾਲ ਨਹਿਰੀ ਪਾਣੀ ਯੋਜਨਾ ਨਾਲ ਜੁੜੇ ਨੂਰਪੁਰ ਬੇਦੀ ਖੇਤਰ ਦੇ 45 ਪਿੰਡਾਂ ਵਿਚ ਮੁੜ ਨਹਿਰੀ ਪਾਣੀ ਦੀ ਸਪਲਾਈ 8 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਲਗਭਗ ਦਸ ਸਾਲ ਪਹਿਲਾਂ ਸ਼ੁਰੂ ਹੋਏ ਇਸ ਪ੍ਰੋਜੈਕਟ ਅਧੀਨ ਪਾਈਪਲਾਈਨ ਚੰਦਪੁਰ ਬੇਲਾ ਪੁਲ ਦੀ ਸਹਾਇਕ ਕੰਧ ਨਾਲ ਲੰਘਾਈ ਗਈ ਸੀ।ਬਰਸਾਤ ਅਤੇ ਹੜ੍ਹਾਂ ਦੌਰਾਨ ਦਰਿਆ ਵਿਚ ਆਉਣ ਵਾਲੇ ਦਰਖ਼ਤ, ਝਾੜੀਆਂ ਅਤੇ ਹੋਰ ਮਲਬਾ ਪਾਈਪ-ਲਾਈਨ ਨਾਲ ਫਸ ਜਾਣ ਕਾਰਨ ਪੁਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਸੀ। ਇਸ ਸਮੱਸਿਆ ਦੇ ਹੱਲ ਲਈ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਚੰਦਪੁਰ ਬੇਲਾ ਦੀ ਪੰਚਾਇਤ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਦੇ ਸਹਿਯੋਗ ਨਾਲ ਪਾਈਪ-ਲਾਈਨ ਨੂੰ ਪੁਲ ਦੇ ਉੱਪਰੋਂ ਤਬਦੀਲ ਕਰਨ ਦੀ ਪ੍ਰਵਾਨਗੀ ਮਿਲੀ, ਜਿਸ ਉਪਰੰਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਹ ਕੰਮ ਸਫਲਤਾਪੂਰਵਕ ਮੁਕੰਮਲ ਕੀਤਾ। ਕੰਮ ਦੌਰਾਨ ਪੰਜ ਦਿਨ ਲੋਕਾਂ ਨੂੰ ਪੁਰਾਣੇ ਬੋਰਾਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਰਹੀ ਅਤੇ ਹੁਣ ਵਾਅਦੇ ਅਨੁਸਾਰ ਨਹਿਰੀ ਪਾਣੀ ਮੁੜ ਚਾਲੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਲੋਕ ਹਿਤ ਦੇ ਇਸ ਮਸਲੇ ਨੂੰ ਲਗਾਤਾਰ ਉਠਾਉਣ ਦਾ ਨਤੀਜਾ ਹੈ ਕਿ ਇਲਾਕੇ ਦੇ ਲੋਕਾਂ ਨੂੰ ਦੁਬਾਰਾ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਵੇਗਾ। ਉਨ੍ਹਾਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਚੰਦਪੁਰ ਪੰਚਾਇਤ ਅਤੇ ਸਹਿਯੋਗ ਕਰਨ ਵਾਲੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਲੋਕਾਂ ਨਾਲ ਕੀਤਾ ਵਾਅਦਾ ਸਮੇਂ ਸਿਰ ਪੂਰਾ ਕੀਤਾ- ਐਕਸੀਅਨ ਹਰਜੀਤ ਸਿੰਘ-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਹਰਜੀਤ ਸਿੰਘ ਨੇ ਦੱਸਿਆ ਕਿ ਚੰਦਪੁਰ ਬੇਲਾ ਪੁਲ ਨਾਲ ਲੰਘ ਰਹੀ ਪੁਰਾਣੀ ਪਾਈਪ-ਲਾਈਨ ਨੂੰ ਸੁਰੱਖਿਅਤ ਢੰਗ ਨਾਲ ਉੱਪਰ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਹੁੰਦੇ ਹੀ ਨਹਿਰੀ ਪਾਣੀ ਯੋਜਨਾ ਨਾਲ ਜੁੜੇ ਸਾਰੇ ਪਿੰਡਾਂ ਵਿਚ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।