ਰੂਪਨਗਰ, 24 ਜੁਲਾਈ (ਸਤਨਾਮ ਸਿੰਘ ਸੱਤੀ)- ਰੋਟਰੀ ਕਲੱਬ ਰੂਪਨਗਰ ਵਲੋਂ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਵਿਸ਼ਵ ਅਮਨ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ‘ਪੀਸ ਪੋਲ’ (ਸ਼ਾਂਤੀ ਦਾ ਮੀਨਾਰ) ਸਥਾਪਤ ਕੀਤਾ ਗਿਆ। ਕਾਲਜ ਦੇ ਮੁੱਖ ਗੇਟ ਨੇੜੇ ਸਥਾਪਤ ਇਸ ਮੀਨਾਰ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ‘‘ਧਰਤੀ ’ਤੇ ਅਮਨ-ਸ਼ਾਂਤੀ ਹਮੇਸ਼ਾ ਬਣੀ ਰਹੇ’’ ਦਾ ਸੰਦੇਸ਼ ਦੇਣਾ ਹੈ। ਪੀਸ ਪੋਲ ਦਾ ਉਦਘਾਟਨ ਰੋਟਰੀ ਕਲੱਬ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਆਰ. ਐੱਸ. ਪਰਮਾਰ, ਚੇਤਨ ਅਗਰਵਾਲ ਅਤੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਦੀ ਪ੍ਰਧਾਨ ਗਗਨ ਸੈਣੀ ਨੇ ਸਮਾਗਮ ਵਿਚ ਸ਼ਾਮਲ ਮਹਿਮਾਨਾਂ, ਕਾਲਜ ਪ੍ਰਬੰਧਨ, ਰੋਟੇਰੀਅਨਜ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀਸ ਪੋਲ ਅੰਤਰਰਾਸ਼ਟਰੀ ਪੱਧਰ ’ਤੇ ਅਮਨ, ਸਦਭਾਵਨਾ ਅਤੇ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਇਹ ਲੋਕਾਂ ਨੂੰ ਹਰ ਰੋਜ਼ ਪਿਆਰ, ਸਹਿਣਸ਼ੀਲਤਾ, ਆਪਸੀ ਸਤਿਕਾਰ ਅਤੇ ਸ਼ਾਂਤੀ ਦੀ ਭਾਵਨਾ ਨਾਲ ਸੋਚਣ, ਬੋਲਣ ਅਤੇ ਵਿਵਹਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਸਹਾਇਕ ਗਵਰਨਰ ਡਾ. ਨਮ੍ਰਿਤਾ ਪਰਮਾਰ, ਅਮਰ ਰਾਜ ਸੈਣੀ, ਪ੍ਰਭਜੀਤ ਸਿੰਘ, ਡੀ. ਐਸ. ਦਿਓਲ, ਡਾ. ਊਸ਼ਾ ਭਾਟੀਆ, ਜੇ. ਕੇ. ਭਾਟੀਆ, ਡਾ. ਭੀਮ ਸੈਨ, ਡਾ. ਅੰਕੁਰ ਵਾਹੀ, ਗੁਰਪ੍ਰੀਤ ਕੌਰ, ਕਿਰਨ ਆਹਲੂਵਾਲੀਆ, ਪਰਮੋਦ ਸ਼ਰਮਾ, ਸੁਰਜੀਤ ਸਿੰਘ ਸੰਧੂ, ਤੇਜਪਾਲ ਸਿੰਘ, ਵਿਕਰਮ ਭਨੋਟ ਅਤੇ ਰੋਹਿਤ ਤ੍ਰੇਹਨ ਸਮੇਤ ਸਰਕਾਰੀ ਕਾਲਜ ਰੂਪਨਗਰ ਦੇ ਸਮੂਹ ਸਟਾਫ਼ ਮੈਂਬਰ, ਰੋਟੇਰੀਅਨਜ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।