ਕਿਸਾਨ ਜਥੇਬੰਦੀਆਂ ਦੇ ਵਿਰੋਧ ਮਗਰੋਂ ਸਤਲੁਜ ’ਚ ਪਾਣੀ ਦਾ ਰੁਖ਼ ਮੋੜਨ ਲਈ ਲਾਇਆ ਬੰਨ੍ਹ ਤੋੜਿਆ
ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਹੈੱਡਵਰਕਸ ਤੋਂ ਅੱਗੇ ਆਈ. ਆਈ.
ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਹੈੱਡਵਰਕਸ ਤੋਂ ਅੱਗੇ ਆਈ.ਆਈ.ਟੀ. ਰੂਪਨਗਰ ਦੇ ਸਾਹਮਣੇ ਸਤਲੁਜ ਦਰਿਆ ਵਿਚ ਪਾਣੀ ਦਾ ਰੁਖ਼ ਮੋੜਨ ਲਈ ਬਣਾਏ ਗਏ ਆਰਜ਼ੀ ਬੰਨ੍ਹ ਨੂੰ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਦੇ ਵਿਰੋਧ ਮਗਰੋਂ ਤੋੜ ਦਿੱਤਾ ਗਿਆ। ਬਲਾਚੌਰ ਖੇਤਰ ਅਧੀਨ ਪੈਂਦੀ ਰੈਲ ਬਰਾਮਦ ਖੱਡ ਵਿਚ ਮਾਈਨਿੰਗ ਲਈ ਰਸਤਾ ਬਣਾਉਣ ਵਾਸਤੇ ਬੰਨ੍ਹ ਲਗਾ ਕੇ ਮਾਈਨਿੰਗ ਵਾਲੇ ਵਾਹਨਾਂ ਨੂੰ ਰੂਪਨਗਰ ਵਾਲੇ ਪਾਸਿਓਂ ਲੰਘਾਉਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਇਹ ਇਲਾਕਾ ਰੂਪਨਗਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦਾ ਹੈ। ਵਿਰੋਧ ਮਗਰੋਂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਆਗੂਆਂ, ਠੇਕੇਦਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ, ਜਿਸ ਵਿਚ ਮਾਈਨਿੰਗ ਦਾ ਕੰਮ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕੁੱਝ ਸ਼ਰਤਾਂ ’ਤੇ ਸਹਿਮਤੀ ਬਣਨ ਦੀ ਗੱਲ ਵੀ ਸਾਹਮਣੇ ਆਈ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ, ਮੀਤ ਪ੍ਰਧਾਨ ਕਰਨਵੀਰ ਸਿੰਘ ਸਿੱਧੂ, ਭਾਈ ਦਲਵੀਰ ਸਿੰਘ ਜਟਾਣਾ ਅਤੇ ਰੁਪਿੰਦਰਪਾਲ ਸਿੰਘ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਰੈਲ ਬਰਾਮਦ ਖੱਡ ਵਿਚ ਮਾਈਨਿੰਗ ਦੀਆਂ ਮਨਜ਼ੂਰੀਆਂ, ਨਿਰਧਾਰਤ ਹੱਦਾਂ ਅਤੇ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਰੂਪਨਗਰ ਅਤੇ ਨਵਾਂਸ਼ਹਿਰ ਦੋਵਾਂ ਜ਼ਿਲਿ੍ਹਆਂ ਦੇ ਪ੍ਰਸ਼ਾਸਨਾਂ ਤੋਂ ਮਾਈਨਿੰਗ ਦੇ ਕੰਮ ’ਤੇ ਨਿਗਰਾਨੀ ਰੱਖਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ। ਇਸ ਮਾਮਲੇ ’ਤੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜ ਸਾਲਾਂ ਵਿਚ ਵੀ ਮਾਈਨਿੰਗ ਸਬੰਧੀ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਨੀਤੀ ਬਣਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀ ਅਤੇ ਪ੍ਰਬੰਧਾਂ ਵਿਚ ਸਪਸ਼ਟਤਾ ਦੀ ਘਾਟ ਕਾਰਨ ਅਜਿਹੇ ਵਿਵਾਦ ਪੈਦਾ ਹੁੰਦੇ ਹਨ। ਉਨ੍ਹਾਂ ਦਰਿਆ ਦੀ ਸੁਰੱਖਿਆ ਅਤੇ ਇਲਾਕਾ ਵਾਸੀਆਂ ਦੇ ਹੱਕਾਂ ਲਈ ਹਰ ਜਾਇਜ਼ ਸੰਘਰਸ਼ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ।