ਪਿੰਡ ਨੈਲਾ ਲਾਗੇ ਇਕ ਕਮਜ਼ੋਰ ਰੇਲ ਪੁਲੀ। (ਵਿਚਕਾਰ) ਰੇਲ ਟਰੈਕ ਦੇ ਨਾਲ ਨਾਲ ਯੋਗ ਨਿਕਾਸ ਪ੍ਰਬੰਧ ਦੀ ਲੋੜ ਹੈ।(ਸੱਜੇ) ਨੰਗਲ-ਭਾਖੜਾ ਰੇਲ ਲਾਈਨ ਦਾ ਦ੍ਰਿਸ਼, ਢਿਗਾਂ ਡਿੱਗਣ ਤੋਂ ਬਚਾਓ ਲਈ ਮਜ਼ਬੂਤ ਸੁਰੱਖਿਆ ਦੀਵਾਰਾਂ ਜ਼ਰੂਰੀ।
ਵਿਰਾਸਤੀ ਰੇਲ ਟਰੈਕ ਦੇ ਨਵੀਨੀਕਰਨ ਲਈ ਵੱਡੇ ਬਜਟ ਤੇ ਵਿਉਂਤਬੰਦੀ ਦੀ ਲੋੜ
*11.05.2026 ਤੋਂ ਬੰਦ ਹੈ ਨੰਗਲ - ਭਾਖੜਾ ਰੇਲ ਸੇਵਾ *22 ਅਕਤੂਬਰ ਨੂੰ ਸਿਰਫ਼ ਇਕ ਦਿਨ ਲਈ ਚੱਲੀ ਸੀ ਰੇਲ
ਨੰਗਲ, 22 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਰੇਲ ਸੇਵਾ 11 ਮਈ 2026 ਤੋਂ ਬੰਦ ਹੈ। ਇਹ ਰੇਲ ਸੇਵਾ ਬੰਦ ਹੋਣ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ।
ਨੰਗਲ, 22 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਰੇਲ ਸੇਵਾ 11 ਮਈ 2026 ਤੋਂ ਬੰਦ ਹੈ। ਇਹ ਰੇਲ ਸੇਵਾ ਬੰਦ ਹੋਣ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਚਲਾਈ ਜਾਂਦੀ ਇਸ ਰੇਲ ਸੇਵਾ ਦਾ ਕੋਈ ਟਿਕਟ ਨਹੀਂ ਹੈ। ਦਬੇਟਾ, ਤਲਵਾੜਾ, ਨੈਲਾ, ਗੋਲਥਾਈ, ਹੰਡੋਲਾ (ਊਨਾ) ਉਲੀਂਡਾ, ਸਨਾਲ, ਕਾਲਾ ਕੁੰਡ, ਭਾਖੜਾ, ਪਰੋਈਆਂ ਆਦਿ ਪਿੰਡਾਂ ਦੇ ਲੋਕਾਂ ਲਈ ਇਹ ਵਿਰਾਸਤੀ ਰੇਲ ਸੇਵਾ ਵਰਦਾਨ ਹੈ। ਪਿੰਡਾ ਨੈਲਾ ਦੇ ਲੋਕੀਂ ਤਾਂ ਵੱਧ ਪ੍ਰੇਸ਼ਾਨ ਹਨ ਕਿਉਂਕਿ ਸੜਕ ਠੀਕ ਨਾ ਹੋਣ ਕਾਰਨ ਹਿਮਾਚਲ ਸਰਕਾਰ ਨੇ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ। ਸੈਲਾਨੀ ਤੇ ਸਰਕਾਰੀ ਕਰਮਚਾਰੀ ਵੀ ਇਸ ਰੇਲ ’ਚ ਮੁਫ਼ਤ ਸਫ਼ਰ ਕਰਦੇ ਹਨ। ਭਾਵੇਂ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਦੁਰਦਸ਼ਾ ਹੰਢਾਅ ਰਹੇ ਰੇਲ ਟਰੈਕ ਦੀ ਮੁਰੰਮਤ ਦਾ ਹਵਾਲਾ ਦੇ ਕੇ ਇਹ ਰੇਲ ਸੇਵਾ ਬੰਦ ਕੀਤੀ ਹੈ ਪਰ ਸਟਾਫ਼ ਦੀ ਘਾਟ ਕਾਰਨ ਕੰਮ ਦੀ ਰਫ਼ਤਾਰ ਮੱਠੀ ਹੈ। ਬੀ. ਬੀ. ਐਮ. ਬੀ. ਨੂੰ ਵੱਡੇ ਬਜਟ ਤੇ ਵਿਉਂਤਬੰਦੀ ਕਰਕੇ ਸਾਰਾ ਟਰੈਕ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਚੋਣਵਿਆਂ ਥਾਵਾਂ ਤੋਂ ਰਿਪੇਅਰ ਕਰਕੇ ਹਾਦਸੇ ਦੀ ਤਲਵਾਰ ਲਟਕਦੀ ਰਹੇਗੀ। ਜ਼ਿਲ੍ਹਾ ਭਾਜਪਾ ਦੇ ਬੁਲਾਰ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਨੈਲਾ ਰੇਲ ਸੁਰੰਗ ’ਚ ਪਾਣੀ ਖੜ੍ਹਾ ਹੈ ਤੇ ਲੀਕੇਜ ਬੰਦ ਨਹੀਂ ਹੋ ਰਹੀ। ਇਹ ਸੁਰੰਗ ਅਜੇ ਰੇਲ ਸੰਚਾਲਨ ਲਈ ਸੁਰੱਖਿਅਤ ਨਹੀਂ ਜਦਕਿ ਗੱਲ ਕਾਰਾਂ/ ਜੀਪਾਂ ਲਈ ਇਸੇ ਸੁਰੰਗ ’ਚੋਂ ਲਾਂਘਾ ਦੇਣ ਦੀ ਗੱਲ ਹੋ ਰਹੀ ਹੈ। ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ 22 ਅਕਤੂਬਰ 2026 ਨੂੰ ਇਕ ਦਿਨ ਲਈ ਰੇਲ ਦਾ ਸੰਚਾਲਨ ਵੀ ਤਰਕਸੰਗਤ ਨਹੀਂ ਸੀ। ਚੇਅਰਮੈਨ ਬੀ. ਬੀ. ਐਮ. ਬੀ. ਮਨੋਜ ਤ੍ਰਿਪਾਠੀ ਤੇ ਹੋਰ ਅਫ਼ਸਰ/ਵਰਕਰ ਰੇਲ ’ਚ ਚਲੇ ਤਾਂ ਗਏ ਪਰ ਅਜੇ ਤਾਂ ਰੇਲ ਸੁਰੰਗ ’ਚ ਬਜਰੀ ਵੀ ਨਹੀਂ ਪਈ। ਅਜੇ ਤਾਂ ਕਮਜ਼ੋਰ ਰੇਲ ਪੁਲੀਆਂ ਦੀ ਮੁਰੰਮਤ ਹੋਣੀ ਹੈ। ਮੈਂ ਛੇਤੀ ਹੀ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੂੰ ਵਿਸਤ੍ਰਿਤ ਸ਼ਿਕਾਇਤ ਪੱਤਰ ਭੇਜ ਕੇ ਮੰਗ ਕਰਾਂਗਾ ਕਿ ਵੱਡੇ ਬਜਟ ਤੋਂ ਇਲਾਵਾ ਸਟਾਫ਼ ਦੀ ਘਾਟ ਪੂਰੀ ਹੋਵੇ। ਕਦੇ ਭਾਖੜਾ ਰੇਲਵੇ ਕੋਲ 115 ਪੱਕੇ ਤੇ 30 ਅਸਥਾਈ ਕਰਮਚਾਰੀ ਸਨ, ਪਰ ਹੁਣ ਕੁਲ 15 ਹੀ ਹਨ। ਰੇਲ ਡਰਾਈਵਰ , ਸੰਟਰ ਤੇ ਹੋਰ ਤਕਨੀਕੀ ਸਟਾਫ਼ ਵੀ ਨਹੀਂ ਹੈ। ਆਰ. ਟੀ. ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਬਰਸਾਤ ’ਚ ਢਿਗਾਂ ਡਿੱਗਣ ਕਾਰਨ ਰੇਲ ਟਰੈਕ ਨੁਕਸਾਨਿਆ ਜਾਂਦਾ ਹੈ। ਇਸ ਦਾ ਵੀ ਯੋਗ ਹੱਲ ਹੋਣਾ ਚਾਹੀਦਾ ਹੈ। ਪਿੰਡ ਉਂਲੀਡਾ ਦੀ ਨਿਵਾਸੀ ਕੁਮਾਰੀ ਮੀਰਾ ਨੇ ਦੱਸਿਆ ਕਿ ਟਰੇਨ ਇਸ ਖ਼ਿੱਤੇ ਦੀ ਲਾਈਫ਼ ਲਾਈਨ ਹੈ ।