ਮਜੀਠਾ, 2 ਜਨਵਰੀ (ਮਨਿੰਦਰ ਸਿੰਘ ਸੋਖੀ)-ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੇਵਾ ਸੁਸਾਇਟੀ, ਸਿੱਖ ਸੇਵਕ ਜਥਾ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਨਵਾਂ ਬੱਸ ਅੱਡਾ ਮਜੀਠਾ ਤੋਂ ਸ਼ੁਰੂ ਹੋਇਆ ਜਿਹੜਾ ਕਿ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਮਾਈਆਂ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਜਿਹੜੀ ਪਾਲਕੀ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸੁਸ਼ੋਭਿਤ ਸਨ ਉਸ ਨੂੰ ਸਜਾਉਣ ਦੀ ਸੇਵਾ ਡੇਰਾ ਭਾਈ ਸਾਲ੍ਹੋ ਜੀ ਦੇ ਮੁੱਖ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਅਤੇ ਡੇਰੇ ਦੀਆਂ ਸੰਗਤਾਂ ਵਲੋਂ ਕੀਤੀ ਗਈ | ਨਗਰ ਕੀਰਤਨ ਦੇ ਸਾਰੇ ਰਸਤੇ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਸ਼ਰਧਾਲੂਆਂ ਵਲੋਂ ਸੰਗਤਾਂ ਵਾਸਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ | ਮਾਰਸ਼ਲ ਆਰਟ ਗਤਕਾ ਪਾਰਟੀ ਦੇ ਨੌਜਵਾਨਾਂ ਵਲੋਂ ਗਤਕਾ ਖੇਡ ਕੇ ਆਪਣੀ ਕਲਾ ਦੇ ਜੌਹਰ ਦਿਖਾਏ ਗਏ | ਸਿੱਖ ਸੇਵਕ ਜਥੇ ਦੇ ਮੈਂਬਰਾਂ ਅਤੇ ਸਿੱਖ ਬੀਬੀਆਂ ਦੇ ਜਥੇ ਵਲੋਂ ਨਗਰ ਕੀਰਤਨ ਵਿਚ ਸ਼ਬਦ ਗੁਰਬਾਣੀ ਦਾ ਜਾਪ ਕੀਤਾ ਗਿਆ | ਨਗਰ ਕੀਰਤਨ ਦੇ ਸਾਰੇ ਰਸਤੇ ਦੀ ਸਾਫ ਸਫਾਈ ਦੀ ਸੇਵਾ ਸਿੱਖ ਸੇਵਕ ਜਥੇ ਦੇ ਨੌਜਵਾਨਾਂ ਵਲੋਂ ਕੀਤੀ ਗਈ | ਇਸ ਮੌਕੇ ਨਗਰ ਕੀਰਤਨ ਵਿਚ ਪ੍ਰਧਾਨ ਬਿਸ਼ਨ ਸਿੰਘ, ਜਰਨੈਲ ਸਿੰਘ ਮੰਗਾ, ਪਿ੍ਤਪਾਲ ਸਿੰਘ ਢੱਲ, ਲਾਲ ਸਿੰਘ, ਸੁਖਦੇਵ ਸਿੰਘ ਸੋਢੀ, ਬਾਬਾ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਪਿੰਟੂ, ਸੁਖਦੇਵ ਸਿੰਘ ਸੁੱਖਾ, ਸੁਖਜੀਤ ਸਿੰਘ ਬਾਜਵਾ, ਪਿੰਕਾ ਮਜੀਠਾ, ਜਥੇਦਾਰ ਹਰਪਾਲ ਸਿੰਘ, ਕਵਲਜੀਤ ਸਿੰਘ ਲਾਲੀ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਬਾਬਾ ਬਲਦੇਵ ਸਿੰਘ, ਰੁਪਿੰਦਰ ਸਿੰਘ ਮਿੰਟੂ, ਮਨਭਿੰਦਰ ਸਿੰਘ, ਬਾਬਾ ਰਸ਼ਪਾਲ ਸਿੰਘ, ਜ਼ੋਰਾਵਰ ਸਿੰਘ, ਬਾਬਾ ਕੁਲਦੀਪ ਸਿੰਘ, ਮਾਸਟਰ ਜਗਜੀਤ ਸਿੰਘ, ਗੁਰਨਾਮ ਸਿੰਘ, ਸੁੱਖ ਭੰਗਵਾਂ, ਜਸਬੀਰ ਸਿੰਘ ਕਾਕੂ, ਗੁਰਦੀਪ ਸਿੰਘ, ਬਾਊ ਮਜੀਠਾ, ਤਰੁਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ |