ਮਜੀਠਾ, 28 ਜਨਵਰੀ (ਜਗਤਾਰ ਸਿੰਘ ਸਹਿਮੀ)-ਅੱਜ ਦੇ ਸਮੇਂ ਵਿਚ ਚਾਈਨਾ ਡੋਰ ਜੋ ਆਮ ਲੋਕਾਂ, ਰਾਹਗੀਰਾਂ, ਪਸ਼ੂਆਂ ਅਤੇ ਪੰਛੀਆਂ ਲਈ ਕਾਤਲ ਸਾਬਤ ਹੋ ਰਹੀ ਹੈ | ਇਹ ਵਿਚਾਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਚੇਅਰਮੈਨ ਕਸ਼ਮੀਰ ਸਿੰਘ ਪੰਧੇਰ ਅਤੇ ਯੂਥ ਪ੍ਰਧਾਨ ਪੰਜਾਬ ਮਨਵੀਰ ਸਿੰਘ ਵਡਾਲਾ ਨੇ ਸਾਂਝੇ ਬਿਆਨ ਵਿਚ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੋਟਰਸਾਈਕਲ ਜਾਂ ਸਕੂਟਰ ਸਵਾਰ ਰਾਹਗੀਰ ਇਸ ਡੋਰ ਕਾਰਨ ਸੁਰੱਖਿਅਤ ਨਹੀਂ ਰਹੇ | ਚਾਈਨਾ ਡੋਰ ਨਾਲ ਵਾਪਰ ਰਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਮਰਾਲਾ ਵਿਖੇ ਇਸ ਚਾਇਨਾਂ ਡੋਰ ਨਾਲ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਇਸੇ ਤਰ੍ਹਾਂ ਰਾਏਕੋਟ ਨੇੜਲੇ ਪਿੰਡ ਅਕਾਲਗੜ੍ਹ ਵਿਚ ਇਕ ਅÏਰਤ ਨਾਲ ਵੀ ਚਾਈਨਾ ਡੋਰ ਹਾਦਸਾ ਵਾਪਰਿਆ, ਜਿਸ ਦੌਰਾਨ ਉਸਦੀ ਵੀ ਜਾਨ ਚਲੀ ਗਈ | ਪੰਧੇਰ ਤੇ ਵਡਾਲਾ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨਾਲ ਹੀ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਖ਼ਤਰਨਾਕ ਡੋਰ ਦੀ ਵਰਤੋਂ ਤੋਂ ਰੋਕਣ | ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾ ਸਿਰਫ਼ ਮਨੁੱਖੀ ਜਾਨ ਲਈ ਖ਼ਤਰਾ ਹੈ, ਸਗੋਂ ਪਸ਼ੂ-ਪੰਛੀਆਂ ਅਤੇ ਕੁਦਰਤ ਨਾਲ ਵੀ ਵੱਡਾ ਖਿਲਵਾੜ ਹੈ | ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਪਹਿਲਾਂ ਦੀ ਤਰਾਂ ਸਧਾਰਣ ਧਾਗੇ ਦੀ ਡੋਰ ਵਰਤਣ ਦੀ ਅਪੀਲ ਕੀਤੀ ਗਈ |