ਗੱਗੋਮਾਹਲ, 30 ਜਨਵਰੀ (ਬਲਵਿੰਦਰ ਸਿੰਘ ਸੰਧੂ)-ਮੁੱਖ ਮੰਤਰੀ ਸਿਹਤ ਬੀਮਾ ਕਾਰਡ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ ਹੈ ਤੇ ਪੂਰੇ ਭਾਰਤ ਵਿਚ ਪੰਜਾਬ ਸਰਕਾਰ ਦਾ ਇਹ ਲੋਕ ਭਲਾਈ ਹਿੱਤ ਵੱਡਾ ਫੈਸਲਾ ਹੈ | ਇਸ ਰਾਸ਼ੀ ਨਾਲ ਪੰਜਾਬ ਵਿਚ ਵੱਸਦਾ ਹਰੇਕ ਵਿਅਕਤੀ 10 ਲੱਖ ਰੁਪਏ ਦਾ ਮੁਫਤ ਇਲਾਜ ਕਰਵਾ ਸਕੇਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਮੌਕੇ ਇਕੱਤਰ ਇਲਾਕਾ ਨਿਵਾਸੀਆਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 2026 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ | ਸਰਹੱਦੀ ਖੇਤਰ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ ਰਹੇਕ ਸੜਕ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਜਿਸ ਨਾਲ ਹਲਕੇ ਦੀ ਦਿੱਖ ਸੁਧਰੇਗੀ | ਉਨ੍ਹਾਂ ਵਿਰੋਧੀਆਂ 'ਤੇ ਤੰਜ ਕਸਦਿਆਂ ਕਿਹਾ ਕਿ ਜਿੰਨਾ ਵਿਕਾਸ ਰਵਾਇਤੀ ਪਾਰਟੀ ਨੇ ਪਿਛਲੇ 60 ਸਾਲ ਵਿਚ ਕਰਵਾਇਆ ਹੈ ਉਸ ਤੋਂ ਕਈ ਗੁਣਾ ਵੱਧ ਵਿਕਾਸ ਮਾਨ ਸਰਕਾਰ ਨੇ ਸਿਰਫ 4 ਸਾਲਾਂ 'ਚ ਕਰ ਵਿਖਾਇਆ ਹੈ | ਧਾਲੀਵਾਲ ਨੇ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਾਲੀ ਆਪ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰਦੀ ਹੈ ਨਾ ਕੇ ਆਪਣੀਆਂ ਤਿਜੌਰੀਆਂ ਭਰਨ ਲਈ | ਅੱਜ ਪਿੰਡਾਂ ਦੇ ਵਿਕਾਸ ਤੇ ਲੋਕ ਭਲਾਈ ਸਕੀਮਾਂ ਤੋਂ ਖੁਸ਼ ਪੰਜਾਬੀ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੇਖਣ ਲਈ ਉਤਾਵਲੇ ਹਨ | ਇਸ ਮੌਕੇ ਨੌਜਵਾਨ ਆਗੂ ਸੁਖਪਾਲ ਸਿੰਘ ਧਾਲੀਵਾਲ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਾਬਕਾ ਸਰਪੰਚ ਕਾਬਲ ਸਿੰਘ ਪੈੜੇਵਾਲ, ਸਰਪੰਚ ਬਲਰਾਜ ਸਿੰਘ, ਸਰਪੰਚ ਬਲਜੀਤ ਸਿੰਘ, ਸੰਦੀਪ ਸਿੰਘ ਖਹਿਰਾ ਸਮੇਤ ਕਈ ਆਗੂ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |