ਰਾਮ ਤੀਰਥ, 21 ਫਰਵਰੀ (ਧਰਵਿੰਦਰ ਸਿੰਘ ਔਲਖ)-ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਇੰਦਰਜੀਤ ਸਿੰਘ ਖੋਜ ਅਫ਼ਸਰ, ਦਫ਼ਤਰ ਜ਼ਿਲ੍ਹਾ ਭਾਸ਼ਾ ਅੰਮਿ੍ਤਸਰ ਦੀ ਅਗਵਾਈ ਹੇਠ ਕਾਰਜਕਾਰੀ ਪਿ੍ੰ: ਜਗਦੀਸ਼ ਰਾਜ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਾਜ਼ਾਰ, ਅੰਮਿ੍ਤਸਰ ਵਿਖੇ ਅੰਤਰਰਾਸ਼ਟਰੀ ਮਾਂ- ਬੋਲੀ ਦਿਵਸ 'ਤੇ ਵਿਦਿਆਰਥੀਆਂ ਦੇ ਲੇਖ ਤੇ ਸਲੋਗਨ ਲਿਖਣ ਸੰਬੰਧੀ ਮੁਕਾਬਲੇ ਕਰਵਾਏ ਗਏ | ਸਵਜੀਤ ਕੌਰ ਪਿ੍ੰ: ਮੈਰੀਟੋਰੀਅਸ ਸਕੂਲ ਅੰਮਿ੍ਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੰਚ ਸੰਚਾਲਕ ਦੀ ਭੂਮਿਕਾ ਮਨਪ੍ਰੀਤ ਸਿੰਘ, ਜੱਜ ਦੀ ਭੂਮਿਕਾ ਤਜਿੰਦਰ ਸਿੰਘ ਤੇ ਕਵਲਜੀਤ ਕੌਰ ਨੇ ਨਿਭਾਈ | ਡਾ. ਇੰਦਰਜੀਤ ਸਿੰਘ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਦੇ ਇਤਿਹਾਸ ਤੇ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਲੇਖ ਤੇ ਸਲੋਗਨ ਲਿਖਣ ਮੁਕਾਬਲੇ ਕਰਵਾਉਣ ਵਿਚ ਪੂਰਨ ਸਹਿਯੋਗ ਦੇਣ 'ਤੇ ਸਕੂਲ ਪਿ੍ੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਲੇਖ ਲਿਖਣ ਮੁਕਾਬਲੇ ਵਿਚ ਸ਼ਰਨਜੀਤ ਕੌਰ, ਨੀਲਮ, ਯਹੂੰਨਾ, ਸਲੋਗਨ ਲਿਖਣ 'ਚ ਆਸਕਿਰਨ ਕੌਰ, ਸਿਮਰਨ ਕੌਰ, ਕਿਰਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਵਿਭਾਗੀ ਸਰਟੀਫਿਕੇਟ ਤਕਸੀਮ ਕੀਤੇ ਗਏ | ਇਸ ਮੌਕੇ ਭੁਪਿੰਦਰ ਕੌਰ, ਕਿਰਨ ਭੱਲਾ, ਲਵਦੀਪ ਸਿੰਘ, ਅਨਿਲ ਗੁਪਤਾ ਆਦਿ ਹਾਜ਼ਰ ਸਨ |