ਅਟਾਰੀ, 22 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਬੀ. ਐੱਸ. ਐੱਫ਼. ਵਲੋਂ ਕਰਵਾਈ ਗਈ ਮੈਰਾਥਨ ਰੇਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਆਏ ਦੌੜਾਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਪੰਜਾਬ ਪੁਲਿਸ ਅਤੇ ਬੀ. ਐੱਸ. ਐੱਫ਼. ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ | ਕੌਮਾਂਤਰੀ ਅਟਾਰੀ ਹਾਈਵੇ ਦੇ ਇਕ ਪਾਸੇ ਨੂੰ ਖਾਲੀ ਰੱਖਿਆ ਗਿਆ ਤਾਂ ਕਿ ਦੌੜਾਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਨੌਜਵਾਨ ਲੜਕੀਆਂ-ਲੜਕੇ ਅਤੇ ਵੱਡੀ ਉਮਰ ਦੇ ਦੌੜਾਕਾਂ ਨੇ ਵੀ ਮੈਰਾਥਨ ਵਿਚ ਹਿੱਸਾ ਲਿਆ | ਮੈਰਾਥਨ ਵਿਚ ਭਾਗ ਲੈਣ ਵਾਲਿਆਂ ਵਿਚ ਭਾਰੀ ਉਤਸ਼ਾਹ ਸੀ ਅਤੇ ਵੱਡੇ ਇਨਾਮ ਜਿੱਤਣ ਲਈ ਦੌੜਾਕ ਇਕ ਦੂਜੇ ਤੋਂ ਤੇਜੀ ਨਾਲ ਅੱਗੇ ਵਧ ਰਹੇ ਸਨ | ਡੀ. ਐੱਸ. ਪੀ. ਅਟਾਰੀ ਯਾਦਵਿੰਦਰ ਸਿੰਘ, ਪੁਲਿਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਪੀ. ਐੱਚ. ਜੀ. ਦੇ ਇੰਚਾਰਜ ਨਰਾਇਣਜੀਤ ਭਾਰੀ ਗਿਣਤੀ ਵਿਚ ਪੁਲਿਸ ਪਾਰਟੀ ਨਾਲ ਮੌਜੂਦ ਸੀ ਅਤੇ ਦੌੜਾਕਾਂ ਨੂੰ ਪਹਿਲ ਦੇ ਕੇ ਹੀ ਰਾਗਗੀਰਾਂ ਨੂੰ ਕੌਮਾਂਤਰੀ ਅਟਾਰੀ ਲਾਹੌਰ ਹਾਈਵੇ ਤੇ ਸਫਰ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ | ਦੌੜਾਕਾਂ ਦੀ ਸੁਰੱਖਿਆ ਲਈ ਬੀ. ਐੱਸ. ਐੱਫ਼. ਵਲੋਂ ਕਈ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਵਿਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਮੌਜੂਦ ਕੀਤੀਆਂ ਗਈਆਂ | ਰਿਫਰੈਸ਼ਮੈਂਟ ਦਾ ਯੋਗ ਪ੍ਰਬੰਧ ਸੀ | ਦੌੜਾਕ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਆਰਮੀ, ਪੰਜਾਬ ਪੁਲਿਸ, ਬੀ. ਐੱਸ. ਐੱਫ਼. ਅਤੇ ਹੋਰ ਫੋਰਸਾਂ ਦੇ ਜਵਾਨ ਤਾੜੀਆਂ ਵਜਾ ਕੇ ਸਵਾਗਤ ਕਰਦੇ ਰਹੇ | ਇਸ ਸ਼ੁਭ ਦਿਹਾੜੇ ਮੌਕੇ ਬੀ. ਐੱਸ. ਐੱਫ਼. ਆਈ. ਜੀ. ਅਤੁਲ ਫੁਲਜਲੇ, ਉਨਾਂ ਦੀ ਧਰਮ ਪਤਨੀ ਅਤੇ ਡੀ. ਆਈ. ਜੀ. ਬੀ. ਐੱਸ. ਐੱਫ਼. ਜਲੰਧਰ ਕੰਨਵਲਜੀਤ ਸਿੰਘ ਦਾ ਅਟਾਰੀ ਸਰਹੱਦ ਪਹੁੰਚਣ 'ਤੇ ਡੀ. ਆਈ.ਜੀ. ਐੱਸ. ਐੱਸ. ਚੰਦੇਲ, ਕੰਪਨੀ ਕਮਾਂਡੈਂਟ ਅਮਰਦੀਪ ਸਿੰਘ, ਕਮਾਂਡੈਂਟ ਵਿਸ਼ਾਲ ਸਿੰਘ, ਕਮਾਂਡੈਂਟ ਪਰਮਿੰਦਰ ਸਿੰਘ, ਡੀ. ਸੀ. ਬੀ. ਐੱਸ. ਐੱਫ਼. ਰੁਪਿੰਦਰ ਸਿੰਘ, ਡੀ. ਸੀ. ਡਾ. ਕੁਲਵਿੰਦਰ ਪਾਲ, ਗੋਪਾਲ ਸਿੰਘ ਖਾਸਾ ਹੈਡ ਕੁਆਰਟਰ, ਪੁਸ਼ਪਿੰਦਰ ਸਿੰਘ ਖਾਸਾ ਕੈਂਟ, ਸਹਾਇਕ ਕਮਾਂਡੈਂਟ ਕੁਲਵੰਤ ਸਿੰਘ ਸੰਗਰਾ ਅਤੇ ਉੱਚ ਅਧਿਕਾਰੀਆਂ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਜੀ ਆਇਆਂ ਆਖਿਆ ਗਿਆ | ਇਸ ਮੌਕੇ ਫੁੱਲ ਮੈਰਾਥਨ 42 ਕਿਲੋਮੀਟਰ ਗੋਲਡਨ ਗੇਟ ਅੰਮਿ੍ਤਸਰ ਤੋਂ ਸ਼ੁਰੂ ਕਰਵਾਈ ਗਈ ਜਿਸ ਵਿਚ ਲੰਮੀਆਂ ਰੇਸਾਂ ਦੌੜ ਕੇ ਵੱਡੇ ਇਨਾਮ ਪ੍ਰਾਪਤ ਕਰ ਚੁੱਕੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਆਏ ਖਿਡਾਰੀਆਂ ਨੂੰ ਆਈ. ਜੀ. ਅਤੁਲ ਫੁਲਜਲੇ ਅਤੇ ਡੀ. ਆਈ. ਜੀ. ਜਲੰਧਰ ਕੰਨਵਲਜੀਤ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਹਾਫ ਮੈਰਾਥਨ 21 ਕਿਲੋਮੀਟਰ ਅਤੇ 10 ਕਿਲੋਮੀਟਰ ਮੈਰਾਥਨ ਰੇਸ ਵੀ ਉਕਤ ਅਫਸਰਾਂ ਵਲੋਂ ਸ਼ੁਰੂ ਕਰਵਾਈ ਗਈ | ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਸਥਿਤ ਸਵੱਰਨ ਜਯੰਤੀ ਦੁਆਰ ਪਹੁੰਚਣ ਤੇ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਦੌੜਾਕ ਖਿਡਾਰੀਆਂ ਨੂੰ ਮੁੱਖ ਮਹਿਮਾਨ ਆਈ. ਜੀ. ਅਤੁਲ ਫੁਲਜਲੇ, ਡੀ .ਆਈ. ਜੀ. ਕੰਨਵਲਜੀਤ ਸਿੰਘ ਅਤੇ ਡੀ. ਆਈ. ਜੀ. ਐੱਸ. ਐੱਸ. ਚੰਦੇਲ ਵਲੋਂ ਵੱਡੇ ਇਨਾਮ ਦੇ ਕੇ ਹੌਸਲਾ ਵਧਾਇਆ ਗਿਆ | ਆਈ. ਜੀ. ਅਤੁਲ ਫੁੱਲਜਲੇ ਅਤੇ ਡੀ. ਆਈ. ਜੀ. ਕੰਨਵਲਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਰਾਥਨ ਰੇਸ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ੇ ਨਾਲੋਂ ਤੋੜਨ ਦਾ ਹੈ | ਦੌੜਾਕਾਂ ਨੂੰ ਦੌੜਦੇ ਦੇਖ ਕੇ ਹੋਰ ਨੌਜਵਾਨ ਵੀ ਖੇਡਾਂ ਨਾਲ ਜੁੜਨਗੇ | ਉਨਾਂ ਕਿਹਾ ਕਿ ਪਹਿਲੋਂ ਕਰਵਾਈਆਂ ਗਈਆਂ ਮੈਰਾਥਨ ਨਾਲੋਂ ਇਸ ਵਾਰ ਵੱਡੀ ਤਾਦਾਦ ਵਿਚ ਨੌਜਵਾਨ ਰੇਸ ਨਾਲ ਜੁੜੇ ਹਨ | ਉਨਾਂ ਨੇ ਦੌੜਾਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ 2027 ਵਿਚ ਕਰਵਾਈ ਜਾਣ ਵਾਲੀ ਮੈਰਾਥਨ ਵਿਚ ਇਨਾਮ ਹੋਰ ਵਧਾਏ ਜਾਣਗੇ ਅਤੇ ਮੈਰਾਥਨ ਵਿਚ ਭਾਗ ਲੈਣ ਲਈ ਸਾਰੇ ਭਾਰਤ ਵਿਚੋਂ ਦੌੜਾਕਾਂ ਨੂੰ ਸੱਦਾ ਦਿੱਤਾ ਜਾਵੇਗਾ | ਇਸ ਮੌਕੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀ-ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦੌੜਾਕਾਂ ਅਤੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ |