ਚੌਂਕ ਮਹਿਤਾ, 23 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਅਮਰ ਸ਼ਹੀਦ ਬਾਬਾ ਬਘੇਲ ਸਿੰਘ, ਸ਼ਹੀਦ ਬਾਬਾ ਅਮਰ ਸਿੰਘ ਤੇ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਸ਼ਹੀਦੀ ਸ਼ਤਾਬਦੀ ਪਿੰਡ ਭੁੱਸੇ ਦੇ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਬਘੇਲ ਸਿੰਘ ਤੇ ਸ਼ਹੀਦ ਬਾਬਾ ਅਮਰ ਸਿੰਘ ਵਿਖੇ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ 18ਵੀਂ ਸਦੀ ਦੇ ਇਨ੍ਹਾਂ ਮਹਾਨ ਸਿੱਖ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਰੋੜ ਸਿੰਘੀਆ ਮਿਸਲ ਦੇ ਬਾਬਾ ਬਘੇਲ ਸਿੰਘ ਨੇ 1783 'ਚ ਦਿੱਲੀ ਜਿੱਤ ਕੇ ਲਾਲ ਕਿਲ੍ਹੇ 'ਤੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾ ਕੇੇ ਗੁਰਧਾਮ ਸਥਾਪਿਤ ਕੀਤਾ ਸੀ, ਜਦਕਿ ਸ਼ਹੀਦ ਬਾਬਾ ਅਮਰ ਸਿੰਘ ਤੇ ਬਾਬਾ ਤਾਰਾ ਸਿੰਘ ਵਾਂ ਨੇ ਧਰਮ ਤੇ ਕੌਮ ਦੀ ਰਾਖੀ ਲਈ ਮੁਗਲ ਤੇ ਅਫ਼ਗਾਨ ਹਮਲਾਵਰਾਂ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ | ਉਨ੍ਹਾਂ ਨੇ ਕਿਹਾ ਕਿ ਇਹ ਸ਼ਹੀਦ ਸਾਡੇ ਕੌਮ ਦਾ ਅਣਮੋਲ ਸਰਮਾਇਆ ਹਨ | ਇਸ ਲਈ ਇਨ੍ਹਾਂ ਸਿੱਖ ਯੋਧਿਆਂ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਭੁੱਸੇ ਪਿੰਡ ਪੁੱਜਣ 'ਤੇ ਸ਼ਹੀਦੀ ਸਮਾਗਮਾਂ 'ਚ ਹਾਜ਼ਰੀ ਭਰਨ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਜਗਦੀਪ ਸਿੰਘ, ਨੰਬਰਦਾਰ ਜਸਤਾਰ ਸਿੰਘ ਤੇ ਰੇਸ਼ਮ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਮਦਮੀ ਟਕਸਾਲ ਮੁੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਸ਼ਹੀਦੀ ਸ਼ਤਾਬਦੀ ਸਮਾਗਮ ਕਰਾਏ ਜਾ ਰਹੇ ਹਨ | ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ 24 ਤੇ 25 ਫਰਵਰੀ ਨੂੰ 8 ਰਾਤ ਤੋਂ 12 ਵਜੇ ਤੱਕ ਕੀਰਤਨ ਦਰਬਾਰ ਹੋਣਗੇ | 26 ਫਰਵਰੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸੱਜਣਗੇ | ਇਸ ਮੌਕੇ ਜਥੇ. ਸਤਨਾਮ ਸਿੰਘ, ਦਿਲਬਾਗ ਸਿੰਘ ਤੇ ਜਗੀਰ ਸਿੰਘ ਦੋਧੀ ਆਦਿ ਵੀ ਮੌਜੂਦ ਸਨ |