ਚੌਂਕ ਮਹਿਤਾ, 2 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਹਲਕਾ ਜੰਡਿਆਲਾ ਗੁਰੂ ਤੋਂ ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਰੰਧਾਵਾ ਕਾਲਾ ਮਹਿਤਾ ਤੇ ਸਰਪੰਚ ਗੁਰਮੇਜ਼ ਸਿੰਘ ਰੰਧਾਵਾ ਉਦੋਨੰਗਲ ਨੂੰ ਪਾਰਟੀ ਵਲੋਂ ਅੰਮਿ੍ਤਸਰ ਦਿਹਾਤੀ ਤੋਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਇਸ ਨਿਯੁਕਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਕਤ ਦੋਵਾਂ ਨਵ-ਨਿਯੁਕਤ ਅਹੁਦੇਦਾਰਾਂ ਨੇ ਪੂਰੀ ਤਨਦੇਹੀ ਤੇ ਵਫਾਦਾਰੀ ਨਾਲ ਪਾਰਟੀ ਲਈ ਕੰਮ ਕੀਤਾ ਹੈ ਤੇ ਹਮੇਸ਼ਾ ਪਾਰਟੀ ਦੇ ਫ਼ੈਸਲਿਆਂ 'ਤੇ ਆਪਣਾ ਪੂਰਨ ਭਰੋਸਾ ਜਤਾਇਆ ਹੈ | ਇਸ ਲਈ ਹਾਈਕਮਾਨ ਨੇ ਪਾਰਟੀ ਪ੍ਰਤੀ ਅਣਥੱਕ ਤੇ ਨਿਰਸਵਾਰਥ ਸੇਵਾਵਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਹੈ ਤੇ ਇਸ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਿਆ ਹੈ | ਇਸ ਮੌਕੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਰੰਧਾਵਾ ਤੇ ਗੁਰਮੇਜ਼ ਸਿੰਘ ਰੰਧਾਵਾ ਉਦੋਨੰਗਲ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਹਲਕਾ ਇੰਚਾਰਜ ਡੈਨੀ ਬੰਡਾਲਾ ਸਮੇਤ ਸਮੁੱਚੀ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ |