ਅਜਨਾਲਾ, ਗੱਗੋਮਾਹਲ 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਦਹੂਰੀਆਂ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਕਾਫਲੇ ਨੂੰ ਰੋਕ ਕੇ ਇੱਕ ਨੌਜਵਾਨ ਲੜਕੀ ਨੇ ਭਾਵੁਕ ਹੁੰਦਿਆਂ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ ਕਿ ਮੀਂਹ ਦੇ ਦਿਨਾਂ ਵਿਚ ਉਨ੍ਹਾਂ ਨੂੰ ਬੂਟ ਜੁਰਾਬਾਂ ਉਤਾਰ ਕੇ ਪਾਣੀ 'ਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ, ਕਿਉਂਕਿ ਉਕਤ ਲੜਕੀ ਦੇ ਘਰ ਨੂੰ ਜਾਣ ਵਾਲਾ ਕਰੀਬ 8 ਏਕੜ ਲੰਬਾ ਰਸਤਾ ਬਹੁਤ ਹੀ ਖਰਾਬ ਹਾਲਤ ਵਿਚ ਹੈ | ਲੜਕੀ ਜਗਦੀਸ਼ ਕੌਰ ਨੇ ਵਿਧਾਇਕ ਧਾਲੀਵਾਲ ਨੂੰ ਇਹ ਵੀ ਦੱਸਿਆ ਕਿ ਸਾਡੇ ਘਰ ਬਾਹਰ ਡੇਰਿਆਂ 'ਤੇ ਹਨ ਅਤੇ ਘਰਾਂ ਵੱਲ ਜਾਣ ਵਾਲੇ ਰਸਤੇ ਮੀਂਹ ਕਾਰਨ ਚਿੱਕੜ ਅਤੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਮੀਂਹ ਦੇ ਦਿਨਾਂ ਵਿਚ ਆਵਾਜਾਈ ਵਿਚ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਹਨ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਖਾਸ ਤੌਰ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਲੜਕੀ ਜਗਦੀਸ਼ ਕੌਰ ਨੇ ਆਪਣੀ ਇਕੱਲੀ ਇਕੱਲੀ ਸਮੱਸਿਆ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਉਸਦੀ ਨਹੀਂ, ਸਗੋਂ ਸਾਡੇ ਸਮੇਤ ਹੋਰਨਾਂ ਪਰਿਵਾਰਾਂ ਦੀ ਸਮੱਸਿਆ ਹੈ | ਵਿਧਾਇਕ ਧਾਲੀਵਾਲ ਨੇ ਲੜਕੀ ਦੀ ਗੱਲ ਧਿਆਨ ਨਾਲ ਸੁਣੀ ਅਤੇ ਤੁਰੰਤ ਉਕਤ ਲੜਕੀ ਦੇ ਘਰ ਸਮੇਤ ਪਿੰਡ ਦੇ ਹੋਰਨਾਂ ਕੱਚੇ ਰਸਤਿਆਂ ਨੂੰ ਬਣਾਉਣ ਲਈ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਲੋੜੀਂਦੀ ਪ੍ਰਕਿਰਿਆ ਆਰੰਭਣ ਲਈ ਨਿਰਦੇਸ਼ ਦਿੱਤੇ | ਇਸ ਮੌਕੇ ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪਿ੍ਥੀਪਾਲ ਸਿੰਘ ਘੋਨੇਵਾਲਾ, ਸਰਪੰਚ ਸੰਤੋਖ ਸਿੰਘ ਕੋਟ ਗੁਰਬਖ਼ਸ਼, ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ, ਬਲਾਕ ਪ੍ਰਧਾਨ ਜੇ.ਪੀ. ਕੋਟ ਰਜ਼ਾਦਾ, ਸਰਪੰਚ ਪੰਥਪ੍ਰੀਤ ਸਿੰਘ ਸਮਰਾਏ ਅਤੇ ਬਲਰਾਜ ਸਿੰਘ ਦਹੂਰੀਆਂ ਆਦਿ ਹਾਜ਼ਰ ਸਨ |