ਮਜੀਠਾ, 4 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਅੱਜ ਬਾਅਦ ਦੁਪਹਿਰ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧਾ ਹੋਇਆ ਹੈ | ਭਾਰੀ ਬਾਰਿਸ਼ ਨਾਲ ਮਜੀਠਾ ਅਤੇ ਨਾਲ ਲੱਗਦੇ ਪਿੰਡਾਂ ਨਾਗ ਕਲਾ ਵਾਲੀ ਪੱਟੀ, ਭੋਮਾ, ਵਡਾਲਾ, ਕੋਟਲਾ, ਸ਼ਾਮਨਗਰ, ਦਾਦੂਪੁਰਾ, ਕਲੇਰ, ਡੱਡੀਆਂ, ਸੁਪਾਰੀਵਿੰਡ, ਹਰੀਆਂ ਸਮੇਤ ਲਾਗਲੇ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ | ਜਿਸ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ | ਬਲਾਕ ਖੇਤੀਬਾੜੀ ਅਫ਼ਸਰ ਡਾ: ਹਰਭਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਾਰੀ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਪੱਕੀ ਫਸਲ ਜਿਹੜੀ ਕਿ ਪਹਿਲਾਂ ਹੀ ਹਲਕੀ ਬਾਰਿਸ਼ ਕਾਰਨ ਡਿੱਗ ਗਈ ਸੀ ਹੁਣ ਪ੍ਰਭਾਵਿਤ ਇਲਾਕੇ ਵਿਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਨਾਲ ਕਣਕ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨਾਲ ਫ਼ਸਲ ਦਾ ਝਾੜ ਘੱਟ ਜਾਵੇਗਾ ਫ਼ਸਲ ਦੇ ਰੰਗ ਅਤੇ ਇਸ ਦੀ ਕਵਾਲਿਟੀ ਵਿਚ ਵੀ ਗਿਰਾਵਟ ਆ ਸਕਦੀ ਹੈ | ਕਣਕ ਦੀ ਫਸਲ ਦੀ ਕਟਾਈ ਵੀ ਲੇਟ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਅਗਰ ਬਰਸਾਤ ਹੋਰ ਹੋ ਗਈ ਤਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤ ਅਤੇ ਗੜੇਮਾਰੀ ਕਾਰਨ ਕਣਕ ਦੇ ਨਾਲ ਨਾਲ ਬਾਕੀ ਫ਼ਸਲਾਂ ਟਮਾਟਰ, ਸਮੇਤ ਬਾਕੀ ਸਬਜ਼ੀਆਂ ਮੱਕੀ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ | ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ |