ਅਜਨਾਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰ ਸਮੇਂ ਅਜਨਾਲਾ ਸ਼ਹਿਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ 'ਤੇ ਸਿਵਲ ਹਸਪਤਾਲ ਨਜ਼ਦੀਕ ਇਕ ਘਰ ਵਿਚ ਬਣੇ ਪੀਰਾਂ ਦੇ ਦਰਬਾਰ 'ਚ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ 2 ਲਗਜ਼ਰੀ ਗੱਡੀਆਂ ਅਤੇ ਇਕ ਐਕਟਿਵਾ ਸਮੇਤ ਲੱਖਾਂ ਰੁਪਏ ਦਾ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਨਗਰ ਪੰਚਾਇਤ ਅਜਨਾਲਾ ਅਤੇ ਅੰਮਿ੍ਤਸਰ ਤੋਂ ਆਈਆਂ 4 ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਘਰ ਦੇ ਮਾਲਕ ਕਿਸ਼ਨ ਲਾਲ ਸਹਿਗਲ ਦੇ ਨਜ਼ਦੀਕੀ ਰਿਸ਼ਤੇਦਾਰ ਨਰਿੰਦਰ ਮੰਗਾ ਨੇ ਦੱਸਿਆ ਕਿ ਮੇਰਾ ਮਾਸੀ ਦਾ ਲੜਕਾ ਕਿਸ਼ਨ ਲਾਲ ਸਹਿਗਲ ਪਰਿਵਾਰ ਸਮੇਤ ਵਿਆਹ ਸਮਾਗਮ ਵਿਚ ਫ਼ਰੀਦਾਬਾਦ ਗਏ ਸਨ ਅਤੇ ਅੱਜ ਅਚਾਨਕ ਹੀ ਉਨ੍ਹਾਂ ਦੇ ਘਰ ਵਿਚ ਸਥਿਤ ਪੀਰਾਂ ਦੇ ਦਰਬਾਰ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਦੋ ਲਗਜ਼ਰੀ ਗੱਡੀਆਂ, ਇਕ ਐਕਟਿਵਾ, ਬਾਲਣ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ਼, ਕੌਂਸਲਰ ਗੁਰਦੇਵ ਸਿੰਘ ਨਿੱਝਰ ਅਤੇ ਉੱਘੇ ਸਮਾਜ ਸੇਵਕ ਐਡਵੋਕੇਟ ਸੰਦੀਪ ਕੌਸ਼ਲ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਅੱਗ ਬੁਝਾਉਣ ਲਈ ਜਿੱਥੇ ਆਪਣੇ ਪੱਧਰ 'ਤੇ ਕਾਫੀ ਜੱਦੋ-ਜਹਿਦ ਕੀਤੀ ਉੱਥੇ ਹੀ ਫਾਇਰ ਬਿ੍ਗੇਡ ਕਰਮਚਾਰੀਆਂ ਦੀ ਵੀ ਮਦਦ ਕੀਤੀ ਗਈ, ਜਿਸ ਸਦਕਾ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ, ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਹੋਰਨਾ ਘਰਾਂ ਦਾ ਵੀ ਕਾਫੀ ਨੁਕਸਾਨ ਕਰ ਸਕਦੀ ਸੀ |