ਜੰਡਿਆਲਾ ਗੁਰੂ, 16 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਮਿਸਲ ਸ਼ਹੀਦਾਂ ਤਰਨਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਆਕ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਅੱਜ ਸਕੂਲ ਦੇ ਚੇਅਰਮੈਨ ਸ਼੍ਰੋਮਣੀ ਪੰਥ ਅਕਾਲੀ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵਲੋਂ ਪਲੇਅ ਪੈਨ ਦੇ ਨਵੇਂ ਤਿਆਰ ਕੀਤੇ ਕਮਰਿਆਂ ਦਾ ਸ਼ੁਭ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ | ਸਿੰਘ ਸਾਹਿਬ ਜਥੇਦਾਰ ਬਾਬਾ ਸਿੰਘ ਜੋਗਾ ਸਿੰਘ ਨੇ ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਦਿਲ ਲਗਾ ਕੇ ਮਿਹਨਤ ਕਰਨ ਲਈ ਪ੍ਰੇਰਿਆ | ਸਕੂਲ ਦੇ ਪਿ੍ੰਸੀਪਲ ਡਾ: ਪਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਵੇਂ ਤਿਆਰ ਕੀਤੇ ਕਮਰੇ ਵਿਚ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਯੋਗ ਪ੍ਰਬੰਧ ਅਤੇ ਅਨੁਕੂਲ ਵਾਤਾਵਰਨ ਪ੍ਰਦਾਨ ਕਰਦੇ ਹੋਏ ਕਮਰੇ ਦੀ ਤਿਆਰੀ ਕਰਵਾਈ ਗਈ ਹੈ, ਜਿਸ ਵਿਚ ਖਿਡਾਉਣੇ, ਝੂਲੇ, ਐੱਲ.ਸੀ.ਡੀ. ਆਦਿ ਦਾ ਪ੍ਰਬੰਧ ਹੈ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣਾ ਮਨੋਰੰਜਨ ਵੀ ਕਰ ਸਕਣ | ਸਕੂਲ ਦੇ ਪਿ੍ੰਸੀਪਲ ਡਾਕਟਰ ਪਲਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ | ਇਸ ਮੌਕੇ ਤੇ ਸਕੂਲ ਪ੍ਰਬੰਧਕ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ ਅਤੇ ਸਭ ਨੇ ਇਸ ਨਵੇਂ ਕਮਰੇ ਦੀ ਸ਼ੁਰੂਆਤ 'ਤੇ ਖੁਸ਼ੀ ਪ੍ਰਗਟਾਈ ਅਤੇ ਆਸ ਜਤਾਈ ਕਿ ਇਹ ਬੱਚਿਆਂ ਲਈ ਲਾਭਕਾਰੀ ਸਾਬਤ ਹੋਵੇਗਾ |