ਮੱਤੇਵਾਲ, 16 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਹਾਸਿਕ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੀ ਅਗਵਾਈ ਅਤੇ ਇਲਕੇ ਦੀ ਸੰਗਤ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਦੀ 45ਵੀਂ ਬਰਸੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ 'ਤੇ ਮਨਾਈ ਗਈ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਨ ਕਰਵਾ ਕੇ ਨਿਹਾਲ ਕੀਤਾ | ਇਸ ਸਮਾਗਮ ਦੌਰਾਨ ਸਮੁੱਚੇ ਇਲਾਕੇ ਦੇ ਪਿੰਡਾਂ ਕਸਬਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਇਸ ਸਮਾਗਮ ਵਿਚ ਹਾਜ਼ਰੀਆਂ ਭਰੀਆਂ | ਇਸ ਦੌਰਾਨ ਸੰਤ ਬਾਬਾ ਸੱਜਣ ਸਿੰਘ ਨੇ ਇਸ ਸਮਾਗਮ ਵਿਚ ਪਹੁੰਚੀਆਂ ਧਾਰਮਿਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਦਮਦਮੀ ਟਕਸਾਲ ਮਹਿਤਾ ਤੋਂ ਜਥੇਦਾਰ ਬਾਬਾ ਬੋਹੜ ਸਿੰਘ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਸੰਤ ਬਾਬਾ ਗੁਰਦੇਵ ਸਿੰਘ ਭਗਤਾਂ ਦਾ ਡੇਰਾ ਤਰਸਿੱਕਾ, ਸੰਤ ਬਾਬਾ ਮਨਮੋਹਨ ਸਿੰਘ ਭੰਗਾਲੀ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਬੀਰ ਸਿੰਘ ਭੰਗਾਲੀ ਸਾਹਿਬ, ਭਾਈ ਰਣਜੀਤ ਸਿੰਘ ਬਾਬੋਵਾਲ ਤੇ ਬਾਬਾ ਬਲਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |