ਚੋਗਾਵਾਂ, 24 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਯੂ.ਕੇ. ਤੋਂ ਆਈ ਔਰਤ ਨੂੰ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਇਨਸਾਫ ਨਾ ਦੇਣ 'ਤੇ ਅੱਧੀ ਰਾਤ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਤੇ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਕਲੇਰ ਦੀ ਅਗਵਾਈ ਹੇਠ ਥਾਣਾ ਲੋਪੋਕੇ ਦਾ ਘਿਰਾਓ ਕਰਕੇ ਰੋਡ ਜਾਮ ਕੀਤਾ | ਇਸ ਮੌਕੇ ਬਲਜੀਤ ਕੌਰ ਯੂਕੇ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਯੂਕੇ ਵਿਚ ਰਹਿ ਰਹੀ ਹੈ | ਉਸ ਦਾ 2 ਸਾਲ ਦਾ ਬੇਟਾ ਪਿਛਲੇ ਇਕ ਸਾਲ ਤੋਂ ਮੇਰੇ ਸਹੁਰੇ ਪਰਿਵਾਰ ਪਿੰਡ ਕਮਾਸਕੇ ਰਹਿ ਰਿਹਾ ਹੈ | ਮੇਰਾ ਪਤੀ ਨਾਲ ਯੂਕੇ ਵਿਚ ਕੋਰਟ ਕੇਸ ਵੀ ਚੱਲ ਰਿਹਾ ਹੈ | ਮੈਂ ਯੂਕੇ ਦੀ ਫੈਮਿਲੀ ਕੋਰਟ ਵਿਚੋਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਇੰਡੀਆ ਤੋਂ ਯੂਕੇ ਲੈ ਜਾਣ ਲਈ ਆਰਡਰ ਲੈ ਕੇ ਆਈ ਹਾਂ | ਤੇ ਮੈਂ ਵਾਪਸ ਵਿਦੇਸ਼ ਵੀ ਜਾਣਾ ਹੈ | ਪਰ ਮੇਰੇ ਸਹੁਰੇ ਪਰਿਵਾਰ ਵਲੋਂ ਮੇਰੇ ਪੁੱਤਰ ਨੂੰ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕੋਰਟ ਦੇ ਆਰਡਰਾਂ ਦੀ ਨਿਖੇਧੀ ਕੀਤੀ | ਇਸ ਸਬੰਧੀ ਮੈਂ ਐਸ.ਐਸ.ਪੀ. ਦਿਹਾਤੀ ਅੰਮਿ੍ਤਸਰ ਨੂੰ ਲਿਖਤੀ ਦਰਖਾਸਤ ਵੀ ਦਿੱਤੀ | ਪਰ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ | ਜਿਸ ਦੇ ਵਿਰੋਧ ਵਿਚ ਥਾਣਾ ਲੋਪੋਕੇ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਕਲੇਰ, ਮਨਜੀਤ ਸਿੰਘ ਖਿਆਲਾ ਬਲਾਕ ਸਕੱਤਰ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਔਰਤ ਨੂੰ ਇਨਸਾਫ ਨਾ ਦਵਾਇਆ ਤਾਂ ਥਾਣਾ ਲੋਪੋਕੇ ਦਾ ਘਿਰਾਓ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਦੂਜੀ ਧਿਰਾਂ ਨੂੰ ਕੱਲ ਥਾਣੇ ਬੁਲਾਇਆ ਗਿਆ | ਇਸ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ |