ਜੰਡਿਆਲਾ ਗੁਰੂ, 24 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਜੰਡਿਆਲਾ ਗੁਰੂ ਸ਼ਹਿਰ 'ਚ ਲਟਕੀਆਂ ਬੇਤਰਤੀਬ ਤਾਰਾਂ, ਸੜੇ/ਗਲੇ 20 ਬਾਈ 1 ਪਿੱਲਰ ਬਕਸਿਆਂ ਦੀ ਬਦਲੀ ਅਤੇ ਬਿਜਲੀ ਸੰਬੰਧੀ ਸ਼ਹਿਰ ਦੀ ਦਿੱਖ ਸੁਧਾਰਨ ਲਈ ਇੱਕ ਵੱਡੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਪ੍ਰਾਜੈਕਟ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ | ਇਸ ਪ੍ਰਾਜੈਕਟ ਤਹਿਤ ਪੀ.ਐੱਸ.ਪੀ.ਸੀ.ਐਲ. ਵਲੋਂ ਜੰਡਿਆਲਾ ਗੁਰੂ ਦੇ ਨਿਵਾਸੀਆਂ ਨੂੰ ਸਹੀ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਅਤੇ ਐਲ.ਡੀ. ਸਿਸਟਮ ਵਿਚ ਸੁਧਾਰ ਕਰਨ ਲਈ 55 ਲੱਖ 41 ਹਜ਼ਾਰ ਰੁਪਏ ਦੇ ਅਨੁਮਾਨ ਤਿਆਰ ਕੀਤੇ ਗਏ ਹਨ | ਇਸ ਵਿਚ ਟਰਾਂਸਫਾਰਮਰਾਂ ਉੱਤੇ ਲੱਗੇ ਖਰਾਬ 20 ਬਾਈ 1 ਪਿੱਲਰ ਬਕਸਿਆਂ ਨੂੰ 4 ਬਾਈ 1 ਬਕਸਿਆਂ ਨਾਲ ਬਦਲਿਆ ਜਾਵੇਗਾ | ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ 'ਚ 2 ਕੋਰ ਪੀ.ਵੀ.ਸੀ. ਕੇਬਲਾਂ ਦੀ ਲੰਬਾਈ ਅਤੇ 4 ਕੋਰ ਕੇਬਲਾਂ ਦੀ ਖਰਾਬ ਹਾਲਤ ਕਾਰਨ ਖਪਤਕਾਰਾਂ ਨੂੰ ਘੱਟ ਵੋਲਟੇਜ਼ ਅਤੇ ਬਿਜਲੀ ਸਪਲਾਈ ਵਿਚ ਦਿੱਕਤ ਆ ਰਹੀ ਸੀ | ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਬਲਾਂ ਦੀ ਮੁਰੰਮਤ, ਨੀਵੀਆਂ ਤਾਰਾਂ ਨੂੰ ਵਾਧੂ ਪੋਲ ਲਗਾ ਕੇ ਉੱਚਾ ਚੁੱਕਣਾ, ਖਰਾਬ ਬਕਸਿਆਂ ਦੀ ਬਦਲੀ ਅਤੇ ਸੜੀਆਂ/ਖਰਾਬ ਤਾਰਾਂ ਨੂੰ ਬਦਲ ਕੇ ਐੱਲ.ਡੀ. ਸਿਸਟਮ ਵਿਚ ਸੁਧਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜੰਡਿਆਲਾ ਗੁਰੂ ਦੇ ਨਿਵਾਸੀਆਂ ਨੂੰ ਸਹੀ ਵੋਲਟੇਜ ਨਾਲ ਨਿਰਵਿਘਨ ਬਿਜਲੀ ਸਪਲਾਈ ਪ੍ਰਾਪਤ ਹੋਵੇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਵੇਗਾ | ਇਸ ਦੇ ਨਾਲ-ਨਾਲ ਸ਼ਹਿਰ ਦੀ ਦਿੱਖ ਵਿਚ ਵੀ ਸੁਧਾਰ ਆਵੇਗਾ | ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਹੋਰ ਦੱਸਿਆ ਕਿ ਉਪਰੋਕਤ 55 ਲੱਖ 41 ਹਜ਼ਾਰ ਰੁਪਏ ਤੋਂ ਇਲਾਵਾ ਆਰ.ਡੀ.ਐੱਸ.ਐੱਸ. ਸਕੀਮ ਅਧੀਨ 16 ਕਰੋੜ 30 ਲੱਖ ਰੁਪਏ ਦੇ ਬਿਜਲੀ ਸਬੰਧੀ ਕੰਮ ਜੰਡਿਆਲਾ ਗੁਰੂ ਹਲਕੇ ਲਈ ਮਨਜ਼ੂਰ ਹੋ ਚੁੱਕੇ ਹਨ |