ਚੋਗਾਵਾਂ, 24 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵਲੋਂ ਬਲਾਕ ਚੋਗਾਵਾਂ ਵਿਚ ਹੋਈ | ਜਿਸ ਦੀ ਅਗਵਾਈ ਬਲਾਕ ਪ੍ਰਧਾਨ ਬਲਜੀਤ ਕੌਰ ਅਤੇ ਮੀਤ ਬਲਾਕ ਪ੍ਰਧਾਨ ਸੁਖਰਾਜ ਕੌਰ ਪੱਧਰੀ ਨੇ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਰਮਨਦੀਪ ਕੌਰ ਅਤੇ ਮਨਿੰਦਰ ਕੌਰ ਦੀ ਅਗਵਾਈ ਹੇਠ ਸਰਕਲ ਚੋਗਾਵਾਂ ਦੇ ਅੱਠ ਸੈਂਟਰਾਂ ਦੀਆਂ 16 ਵਰਕਰ ਹੈਲਪਰ ਹਰਗੋਬਿੰਦ ਯੂਨੀਅਨ ਨੂੰ ਛੱਡ ਕੇ ਸਰਵ ਯੂਨੀਅਨ ਵਿਚ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਪ੍ਰਧਾਨ ਛੀਨਾ ਨੇ ਕਿਹਾ ਕਿ 2026 ਵਿਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਅਖੀਰਲਾ ਸਾਲ ਹੈ | ਸਰਕਾਰ ਦੇ ਵਲੋਂ ਸੱਤਾ ਵਿਚ ਆਉਣ ਤੋਂ ਪਹਿਲੋਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ | ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ | ਅਸੀਂ ਸਰਕਾਰ ਕੋਲੋਂ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਘੱਟੋ ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਦੀ ਮੰਗ ਕਰਦੇ ਹਾਂ | ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਜਥੇਬੰਦੀ ਵਲੋਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ | ਵਿਸ਼ਾਲ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |