ਅਜਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਅਜਨਾਲਾ ਵਿਖੇ ਪਿ੍ੰਸੀਪਲ ਪਰਮਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਪਰਮਿੰਦਰ ਕੌਰ ਨੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਰਹਿਣ ਅਤੇ ਧਰਤੀ ਦੀ ਰੱਖਿਆ ਵਾਸਤੇ ਵੱਖ-ਵੱਖ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਧਰਤੀ ਦੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਤੇ ਪ੍ਰਦੂਸ਼ਣ ਘਟਾਉਣ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ | ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਨੂੰ ਘਟਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਕੂੜਾ ਘਟਾਉਣ ਤੇ ਧਰਤੀ ਮਾਤਾ ਦੀ ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਕਾਲਜ ਵਿਦਿਆਰਥੀਆਂ ਨੂੰ ਪਾਣੀ ਬਚਾਉਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਸਾਫ-ਸੁਥਰਾ ਵਾਤਾਵਰਣ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਤੇ ਮੌਸਮੀ ਬਦਲਾਅ ਤੋਂ ਬਚਾਅ ਲਈ ਸਾਂਝੇ ਯਤਨ ਬਹੁਤ ਜ਼ਰੂਰੀ ਹਨ 9 ਇਸ ਮੌਕੇ ਵਿਦਿਆਰਥੀਆਂ ਵਲੋਂ ਭਾਸ਼ਣ ਵੀ ਪੇਸ਼ ਕੀਤੇ ਗਏ | ਇਸ ਮੌਕੇ ਜਸਵਿੰਦਰ ਸਿੰਘ ਤੇੜਾ, ਆਰਤੀ ਸ਼ਰਮਾ, ਪ੍ਰੀਆ ਲਕਸ਼ਮੀ, ਗੁਨੀਤ ਸਿੰਘ ਭੱਲਾ, ਅਜੇਪਾਲ ਕੌਰ ਰੰਧਾਵਾ, ਸੁਮਨਦੀਪ ਕੌਰ, ਸ਼ਰਨਪ੍ਰੀਤ ਕੌਰ, ਮਲਖਾਨ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ |