ਚੌਕ ਮਹਿਤਾ, 28 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਨੇੜਲੇ ਪਿੰਡ ਨੰਗਲੀ ਕਲਾਂ ਦੇ ਜੰਮਪਲ ਅਤੇ ਡੀਏਵੀ ਕਾਲਜ ਜਲੰਧਰ ਤੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ-ਮੁਕਤ ਹੋਏ ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਨੇ ਆਪਣੇ ਜੱਦੀ ਪਿੰਡ ਨੰਗਲੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਤਕਰੀਬਨ 100 ਤੋਂ ਵੱਧ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ | ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਨੇ ਆਪਣੇ ਬਚਪਨ ਵੇਲੇ, ਇਸ ਸਕੂਲ ਵਿਚ ਪੜ੍ਹਨ ਦੇ ਸਮੇਂ ਨੂੰ ਯਾਦ ਕਰਦਿਆਂ ਭਾਵੁਕਤਾ ਦੇ ਉਮਰ ਭਰ ਯਾਦ ਰਹਿਣ ਵਾਲੇ ਪਲ ਬੱਚਿਆਂ ਨਾਲ ਸਾਂਝੇ ਕੀਤੇ | ਇਸ ਸਮਾਗਮ ਵਿਚ ਉਨ੍ਹਾਂ ਦੀ ਧਰਮ ਪਤਨੀ ਜਸਬੀਰ ਕੌਰ ਰਿਟਾਇਰਡ ਲੈਕਚਰਾਰ, ਰੌਬੀ ਰੰਧਾਵਾ, ਅਮਨਦੀਪ ਕੌਰ, ਸੰਤੋਖ ਸਿੰਘ ਸਾਬਕਾ ਸਰਪੰਚ ਖੱਬੇ ਰਾਜਪੂਤਾਂ, ਗੁਰਸੇਵਕ ਸਿੰਘ, ਸੁਖਦੇਵ ਸਿੰਘ ਬੋਪਾਰਾਏ, ਗੁਲਜ਼ਾਰ ਸਿੰਘ ਕੰਗ ਅਤੇ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ | ਸਕੂਲ ਦੇ ਮੁੱਖ ਅਧਿਆਪਕਾ ਮੈਡਮ ਗਗਨਦੀਪ ਕੌਰ ਅਤੇ ਹੋਰ ਸਟਾਫ ਨੇ ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਇੱਥੇ ਆਉਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਉਦੋਨੰਗਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਵੀ 50 ਟਰੈਕ ਸੂਟ ਭੇਟ ਕੀਤੇ | ਹੈੱਡ ਟੀਚਰ ਰਾਜਵਿੰਦਰ ਸਿੰਘ ਰੰਧਾਵਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ |