ਮਜੀਠਾ,3 ਮਈ (ਮਨਿੰਦਰ ਸਿੰਘ ਸੋਖੀ)-ਪੰਜਾਬ ਦੀਆਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਜਿੱਥੇ ਸਰਕਾਰੀ ਖ਼ਰੀਦ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ ਉੱਥੇ ਹੀ ਅੱਧ-ਅਧੂਰੇ ਪ੍ਰਬੰਧਾਂ ਨੇ ਸਰਕਾਰ ਦੀਆਂ ਤਿਆਰੀਆਂ ਨੂੰ ਵੀ ਸੁਆਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ, ਜਿਸ ਦਾ ਖਮਿਆਜਾ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਪ੍ਰੇਸ਼ਾਨ ਹੋ ਕੇ ਭੁਗਤਣਾ ਪੈ ਰਿਹਾ ਹੈ | ਦੂਜੇ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ, ਜਦਕਿ ਆੜ੍ਹਤੀਆਂ ਦੀਆਂ ਮੁਸ਼ਕਿਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਅੰਮਿ੍ਤਸਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਚੁਕਾਈ ਦਾ ਕੰਮ ਬੁਰੀ ਤਰ੍ਹਾਂ ਠੱਪ ਹੋਇਆ ਪਿਆ ਹੈ ਤੇ ਪ੍ਰਮੁੱਖ ਦਾਣਾ ਮੰਡੀ ਪਾਖਰਪੁਰ ਦੇ ਸਮੂਹ ਆੜਤੀਆਂ ਨੇ ਲੱਖਾਂ ਟਨ ਤੋੜੇ ਕਣਕ ਜੋ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਕਣਕ ਦੀ ਚੁਕਾਈ ਨਾਮਾਤਰ ਹੋਣ ਕਰਕੇ ਆੜ੍ਹਤੀਏ ਬੁਰੇ ਫਸੇ ਹੋਏ ਹਨ | ਇਸ ਦੌਰਾਨ ਸਰਕਾਰੀ ਖਰੀਦੀ ਹੋਈ ਕਣਕ ਦੀ ਸਿਰਫ 25000 ਹਜ਼ਾਰ ਤੋੜਿਆਂ ਦੀ ਚੁਕਾਈ ਹੀ ਕੀਤੀ ਗਈ ਹੈ ਉਹ ਵੀ ਆੜਤੀਆਂ ਨੇ ਆਪਣੀਆਂ ਗੱਡੀਆਂ ਦਾ ਇੰਤਜਾਮ ਕਰਕੇ ਭੇਜੀਆਂ ਹਨ, ਪਰ ਅਜੇ ਤੱਕ ਉਹ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ ਅਤੇ ਨਾ ਹੀ ਠੇਕੇਦਾਰ ਵਲੋਂ ਕਣਕ ਦੀ ਚੁਕਾਈ ਕਰਨ ਲਈ ਗੱਡੀਆਂ ਭੇਜੀਆਂ ਜਾ ਰਹੀਆਂ ਹਨ | ਇਸ ਸੰਬੰਧ 'ਚ ਸਮੂਹ ਆੜਤੀਆਂ ਵਲੋਂ ਬੱਲ ਕਲਾਂ ਦੇ ਸਰਕਾਰੀ ਗੋਦਾਮ ਮੂਹਰੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਐਸੋਸੀਏਸ਼ਨ ਦੇ ਪ੍ਰਧਾਨ ਤੇ ਮੈਂਬਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੁਕਾਈ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ | ਇਸ ਸੰਬੰਧੀ ਡੀ. ਐੱਫ. ਐੱਸ. ਓ. ਅੰਮਿ੍ਤਸਰ ਨੂੰ ਫ਼ੋਨ ਕਰਨ 'ਤੇ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ | ਗੁਦਾਮ ਇੰਚਾਰਜ ਇੰਸਪੈਕਟਰ ਆਸ਼ੀਸ਼ ਮਹਾਜਨ ਨੇ ਕਿਹਾ ਕਿ ਗੱਡੀਆਂ ਨੂੰ ਵਾਰੀ ਸਿਰ ਖਾਲੀ ਕਰਵਾ ਕੇ ਦੋ ਦਿਨ ਵਿਚ ਮਸਲਾ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਬੱਲ, ਬੌਬੀ ਸੋਢੀ, ਜਸਬੀਰ ਸਿੰਘ ਬੱਲ, ਮਨਜੀਤ ਸਿੰਘ ਬੱਲ, ਬਲਬੀਰ ਸਿੰਘ ਬੱਲ,ਹਰਪ੍ਰੀਤ ਸਿੰਘ ਹੈਪੀ ਬੱਜੂਮਾਨ, ਰੋਬਨਜੀਤ ਸਿੰਘ ਰੋਬੀ ਉੱਪਲ, ਅਵਤਾਰ ਸਿੰਘ ਕਾਹਲੋਂ, ਰਿੰਕੂ ਸੋਢੀ, ਬਿੱਟੂ ਪੁਰੀ, ਵਿਪਨ ਸੋਢੀ, ਦਿਲਬਾਗ ਸਿੰਘ ਸੋਹੀ, ਮਹੇਸ ਖੋਸਲਾ ਆਦਿ ਹਾਜਰ ਸਨ |