ਜੰਡਿਆਲਾ ਗੁਰੂ, 5 ਮਈ (ਹਰਜਿੰਦਰ ਸਿੰਘ ਕਲੇਰ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਉਸ ਸਮੇਂ ਵੱਡਾ ਮਜ਼ਬੂਤੀ ਭਰਿਆ ਸਹਾਰਾ ਮਿਲਿਆ ਜਦੋਂ ਸਮਾਜ ਸੇਵੀ ਬਾਬੂ ਸਿੰਘ ਜੰਡਿਆਲਾ ਨੇ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਹ ਸ਼ਮੂਲੀਅਤ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ ਦੀ ਅਗਵਾਈ ਹੇਠ ਹੋਈ ਇਕ ਅਹਿਮ ਮੀਟਿੰਗ ਦੌਰਾਨ ਹੋਈ | ਇਸ ਮੌਕੇ ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਲੋਕਾਂ ਨਾਲ ਵਾਅਦੇ ਕਰਕੇ ਉਨ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ, ਪਰ ਬਾਅਦ ਵਿਚ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਦੇ ਵਾਅਦੇ ਪੂਰੇ ਨਹੀਂ ਹੋਏ, ਸਗੋਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਨੂੰ ਵੱਡੇ ਵੋਟਾਂ ਦੇ ਫਰਕ ਨਾਲ ਜਿੱਤਣ ਦੇ ਬਾਵਜੂਦ ਸੰਸਦ ਵਿਚ ਬੋਲਣ ਦਾ ਮੌਕਾ ਨਾ ਦੇਣਾ ਲੋਕਤੰਤਰ ਦੇ ਖਿਲਾਫ਼ ਹੈ | ਬਾਬੂ ਸਿੰਘ ਜੰਡਿਆਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪਹਿਲਾਂ ਵੀ ਸਮਾਜਿਕ ਸੇਵਾਵਾਂ ਨਾਲ ਜੁੜੇ ਰਹੇ ਹਨ ਤੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਕੰਮ ਕੀਤਾ, ਪਰ ਪਾਰਟੀ ਦੀਆਂ ਨੀਤੀਆਂ ਨਾਲ ਅਸੰਤੁਸ਼ਟ ਹੋ ਕੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਮੌਜੂਦਾ ਸਰਕਾਰ ਨੂੰ ਨਾਕਾਮ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ | ਇਸ ਮੌਕੇ ਜਸਕਰਨ ਸਿੰਘ ਰਿਆੜ, ਹਰਕੰਵਲਪ੍ਰੀਤ ਸਿੰਘ ਜੰਡ, ਦਲਜੀਤ ਸਿੰਘ ਮਿਆਦੀਆਂ, ਅਮਰੀਕ ਸਿੰਘ ਬਿੱਟਾ, ਸਰਬਜੀਤ ਸਿੰਘ ਖਾਨਪੁਰ, ਪ੍ਰਗਟ ਸਿੰਘ ਮੀਆਂ ਵਿੰਡ, ਹਰਭਜਨ ਸਿੰਘ ਤੁੜ, ਬਲਬੀਰ ਸਿੰਘ, ਮਨਜਿੰਦਰ ਸਿੰਘ, ਬਲਜੀਤ ਸਿੰਘ, ਸ਼ਿਵਕਰਨ ਸਿੰਘ, ਦਿਲਸ਼ੇਰ ਸਿੰਘ, ਪਰਮਜੀਤ ਸਿੰਘ ਜੌਹਲ, ਗੁਰਦਿਆਲ ਸਿੰਘ ਟਾਂਗਰਾ ਤੇ ਹੋਰ ਹਾਜ਼ਰ ਸਨ |