ਚੌਕ ਮਹਿਤਾ, 5 ਮਈ (ਜਗਦੀਸ਼ ਸਿੰਘ ਬਮਰਾਹ)-2 ਮਈ ਦੀ ਸ਼ਾਮ ਨੂੰ ਤਕਰੀਬਨ ਸਵਾ ਛੇ ਵਜੇ ਪਿੰਡ ਮਹਿਸਮਪੁਰ ਦੇ 18 ਸਾਲਾਂ ਨੌਜਵਾਨ ਅਮਰਜੋਤ ਸਿੰਘ ਪੁੱਤਰ ਸੁਖਰਾਜ ਸਿੰਘ, ਜੋ ਕਿ ਆਪਣੇ ਮੋਟਰਸਾਈਕਲ 'ਤੇ ਬੈਠ ਕੇ ਅੱਡਾ ਨਾਥ ਦੀ ਖੂਹੀ ਤੋਂ ਕੁਝ ਘਰੇਲੂ ਸਾਮਾਨ ਲੈਣ ਵਾਸਤੇ ਜਾ ਰਿਹਾ ਸੀ, ਨੂੰ ਪਿੰਡੋਂ ਬਾਹਰ ਥੋੜ੍ਹੀ ਦੂਰ ਪਾਣੀ ਦੀ ਟਾਂਕੀ ਕੋਲ ਅਣਪਛਾਤੇ ਕਾਤਲਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਸੰਬੰਧ ਵਿਚ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਮਾਮਲਾ ਕਾਫ਼ੀ ਗੰਭੀਰ ਬਣਿਆ ਹੋਇਆ ਹੈ | ਇਸ ਸੰਬੰਧੀ ਸਵਰਗਵਾਸੀ ਅਮਰਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਸਾਡਾ ਨੌਜਵਾਨ ਇਕਲੌਤਾ ਪੁੱਤਰ ਕਾਤਲਾਂ ਨੇ ਬੇਦਰਦੀ ਨਾਲ ਮਾਰ ਦਿੱਤਾ ਹੈ ਅਤੇ ਦੂਸਰੇ ਪਾਸੇ ਕਥਿੱਤ ਤੌਰ 'ਤੇ ਪੁਲਿਸ ਦੀ ਢਿੱਲੀ ਕਾਰਵਾਈ ਨਾਲ ਵੀ ਸਾਡੀ ਸੰਤੁਸ਼ਟੀ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਦੋ ਤਰੀਕ ਦੀ ਸ਼ਾਮ ਨੂੰ ਮਿ੍ਤਕ ਦੇਹ ਨੂੰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ ਤੇ ਤਿੰਨ ਮਈ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਪਰ ਉੱਥੇ ਵੀ ਪੋਸਟਮਾਰਟਮ ਦਾ ਕੋਈ ਢੱੁਕਵਾਂ ਪ੍ਰਬੰਧ ਨਾ ਹੋਣ ਕਰਕੇ ਅਸੀਂ ਸਾਰਾ ਦਿਨ ਖੱਜਲ ਖਵਾਰ ਹੁੰਦੇ ਰਹੇ ਅਤੇ ਸ਼ਾਮ ਨੂੰ ਮੈਡੀਕਲ ਸਟਾਫ਼ ਨੇ ਸਾਨੂੰ ਦੱਸਿਆ ਕਿ ਇਸ ਮਿ੍ਤਕ ਦੇਹ ਦਾ ਪੋਸਟਮਾਰਟਮ ਅੰਮਿ੍ਤਸਰ ਦੇ ਸਰਕਾਰੀ ਹਸਪਤਾਲ ਵਿਚ ਕੀਤਾ ਜਾਣਾ ਹੈ | ਕੱਲ ਚਾਰ ਮਈ ਨੂੰ ਅੰਮਿ੍ਤਸਰ ਪੋਸਟਮਾਰਟਮ ਕਰਨ ਤੋਂ ਬਾਅਦ ਜਦ ਲਾਸ਼ ਸਾਨੂੰ ਸੌਂਪ ਦਿੱਤੀ ਗਈ ਤਾਂ ਅਸੀਂ ਉਸ ਨੂੰ ਆਪਣੇ ਪਿੰਡ ਲੈ ਆਏ ਜਿੱਥੇ ਹਲਕਾ ਜੰਡਿਆਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਤੇ ਡੀ. ਐੱਸ. ਪੀ. ਜੰਡਿਆਲਾ ਨੇ ਆ ਕੇ ਸਾਨੂੰ ਤਸੱਲੀ ਤਾਂ ਜਰੂਰ ਦਿੱਤੀ ਪਰ ਕਾਤਲਾਂ ਦੇ ਸੁਰਾਗ ਬਾਰੇ ਸਾਨੂੰ ਕੁਝ ਨਹੀਂ ਦੱਸਿਆ | ਹੁਣ ਪ੍ਰੇਸ਼ਾਨੀ ਦੇ ਆਲਮ ਵਿਚ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਸਵੇਰੇ 10 ਵਜੇ ਤੱਕ ਸਾਡੇ ਪੁੱਤਰ ਦੇ ਕਾਤਲਾਂ ਨੂੰ ਨਾ ਫੜਿ੍ਹਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਘਿਰਾਓ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੇ ਸਿਰ 'ਤੇ ਹੋਵੇਗੀ | ਇਸ ਮੌਕੇ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ., ਕਾ. ਬਲਦੇਵ ਸਿੰਘ ਸੈਦਪੁਰ, ਕਿਸਾਨ ਜਥੇਬੰਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਵੀ ਪਰਿਵਾਰ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ | ਵਰਣਨ ਯੋਗ ਹੈ ਕਿ ਅੱਜ ਜਦ ਪੁਲਿਸ ਦੇ ਆਹਲਾ ਅਫ਼ਸਰ ਮਿ੍ਤਕ ਨੌਜਵਾਨ ਅਮਰਜੋਤ ਸਿੰਘ ਦੇ ਘਰ ਗਏ ਤਾਂ ਉਨ੍ਹਾਂ ਦੇ ਖ਼ਿਲਾਫ਼ ਪਰਿਵਾਰ ਅਤੇ ਪਿੰਡ ਵਾਲਿਆਂ ਵਲੋਂ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਉੱਧਰ ਜਦ ਥਾਣਾ ਮਹਿਤਾ ਦੇ ਮੁੱਖ ਅਫ਼ਸਰ ਜਸਦੀਪ ਸਿੰਘ ਨੂੰ ਫ਼ੋਨ ਕਾਲ ਕਰਕੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਵੱਖ-ਵੱਖ ਚੈਨਲਾਂ 'ਤੇ ਕੰਮ ਕਰ ਰਹੀਆਂ ਹਨ ਤੇ ਬਹੁਤ ਜਲਦ ਹੀ ਕਾਤਲਾਂ ਨੂੰ ਫੜ੍ਹ ਲਿਆ ਜਾਵੇਗਾ |