ਜੰਡਿਆਲਾ ਗੁਰੂ, 12 ਮਈ (ਪ੍ਰਮਿੰਦਰ ਸਿੰਘ ਜੋਸਨ)ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਲਾਏ ਗਏ ਨਾਕੇ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ 32 ਬੋਰ ਦੇ ਨਾਜਾਇਜ਼ ਪਿਸਤੌਲ ਅਤੇ 2 ਜ਼ਿੰਦਾ ਰੌਂਦ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਟਰਸਾਈਕਲ 'ਤੇ ਆ ਰਹੇ ਦੋ ਵਿਅਕਤੀ ਅਸਲਾ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਤੇ ਇਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਤੋਂ ਵਾਇਆ ਜਾਣੀਆਂ ਬੰਡਾਲਾ ਤਰਨ ਤਰਨ ਆਦਿ ਪਿੰਡਾਂ ਨੂੰ ਜਾ ਰਹੇ ਹਨ | ਪੁਲਿਸ ਵਲੋਂ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਨਾਕਾਬੰਦੀ ਕੀਤੀ ਹੋਈ ਸੀ | ਇਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭੱਜਣ ਲੱਗੇ | ਇਸ ਉਪਰੰਤ ਹੀ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਨਵਜੋਤ ਸਿੰਘ ਢਿਲੋਂ ਵਾਸੀ ਗਹਿਰੀ ਮੰਡੀ ਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਜਾਣੀਆ ਵਜੋਂ ਹੋਈ ਅਤੇ ਪੁਲਿਸ ਨੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਨਵਜੋਤ ਸਿੰਘ ਢਿੱਲੋਂ ਕੋਲੋਂ ਡੱਬ ਵਿਚੋਂ ਇਕ ਪਿਸਟਲ ਦੇਸੀ 32 ਬੋਰ ਤੇ 2 ਜ਼ਿੰਦਾ ਰੌਂਦ 32 ਬੋਰ ਬਰਾਮਦ ਹੋਏ | ਐੱਸ. ਐੱਚ. ਓ. ਹਰਪਾਲ ਸਿੰਘ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ ਤੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ |
ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 2 ਕਾਬੂ <br/>
ਅਜੀਤ ਡੈਸਕ
13-05-2026