ਅਜਨਾਲਾ, 11 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਚਮਿਆਰੀ ਵਿਖੇ ਰਾਤ ਸਮੇਂ ਮੋਟਰਸਾਈਕਲ 'ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਘਰ ਜਾ ਰਹੇ ਇਕ ਵਿਅਕਤੀ ਦੀ ਪਤਨੀ ਕੋਲੋਂ ਮੋਬਾਈਲ ਖੋਹਣ ਵਿਚ ਅਸਫ਼ਲ ਰਹਿਣ ਵਾਲੇ ਨੌਜਵਾਨਾਂ ਵਲੋਂ ਉਕਤ ਵਿਅਕਤੀ ਦੀ ਭਾਰੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧੀ ਅਜਨਾਲਾ ਪੁਲਿਸ ਵਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਲਤੇਜ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਦਿਆਲਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 8 ਜੂਨ ਦੀ ਰਾਤ ਨੂੰ ਮੈਂ ਆਪਣੇ ਨਵੇਂ ਬਣ ਰਹੇ ਮਕਾਨ ਤੋਂ ਕੰਮ ਕਰਵਾ ਕੇ ਪਿੰਡ ਚਮਿਆਰੀ ਵਿਖੇ ਆਪਣੀ ਪਤਨੀ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਜ਼ਦੀਕੀ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਚਮਿਆਰੀ ਦੇ ਘਰ ਜਾ ਰਹੇ ਸੀ ਕਿ ਜਦ ਅਸੀਂ ਕਰੀਬ 08:30 ਵਜੇ ਰਾਤ ਮੇਨ ਚੌਕ ਚਮਿਆਰੀ ਪੁੱਜੇ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਸਾਡੇ ਪਿੱਛੇ ਲਗਾ ਲਿਆ, ਤਾਂ ਮੈਂ ਆਪਣਾ ਮੋਟਰਸਈਕਲ ਬੜੀ ਤੇਜ਼ ਕਰਕੇ ਪਿੰਡ ਚਮਿਆਰੀ ਦੀ ਸੰਤ ਗੋਬਿੰਦ ਗੋਪਾਲ ਸਕੂਲ ਵਾਲੀ ਗਲੀ ਨੂੰ ਪਾ ਲਿਆ, ਤਾਂ ਫਿਰ ਉਕਤ ਤਿੰਨਾਂ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਯਕਦਮ ਮੇਰੇ ਮੋਟਰਸਾਈਕਲ ਅੱਗੇ ਕਰ ਦਿੱਤਾ ਅਤੇ ਸਾਨੂੰ ਡੱਕ ਲਿਆ | ਫਿਰ ਤਿੰਨੇ ਨੌਜਵਾਨ ਆਪਣੇ ਮੋਟਾਸਈਕਲ ਤੋਂ ਉਤਰ ਗਏ ਅਤੇ ਅਨਮੋਲ ਉਰਫ਼ ਮੋਲਾ ਨਾਂਅ ਦੇ ਨੌਜਵਾਨ ਨੇ ਮੇਰੀ ਪਤਨੀ ਕੋਲੋਂ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਅਨਮੋਲ ਉਰਫ਼ ਮੌਲਾ ਨੂੰ ਪਿੱਛੇ ਕਰ ਦਿੱਤਾ ਤਾਂ ਦੂਸਰੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਨੇ ਮੈਨੂੰ ਪਿੱਛੋਂ ਦੀ ਫੜ ਲਿਆ ਅਤੇ ਤੀਜੇ ਅਣਪਛਾਤੇ ਨੌਜਵਾਨ ਨੇ ਮੇਰੀ ਪਤਨੀ ਦੀਆਂ ਬਾਹਵਾਂ ਨੂੰ ਪਿੱਛੇ ਕਰ ਕੇ ਫੜ ਲਿਆ ਅਤੇ ਫਿਰ ਅਨਮੋਲ ਉਰਫ਼ ਮੌਲਾ ਨੇ ਆਪਣੇ ਪਹਿਨੇ ਹੋਏ ਲੋਅਰ ਦੀ ਸੱਜੀ ਜੇਬ ਵਿਚੋਂ ਲੋਹੇ ਦਾ ਪੰਚ ਕੱਢ ਲਿਆ ਅਤੇ ਮੇਰੇ ਸਿਰ ਅਤੇ ਕੰਨ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਨੇ ਆਪਣੇ ਸੱਜੇ ਗੁੱਟ ਤੋਂ ਲੋਹੇ ਦਾ ਕੜਾ ਉਤਾਰ ਕੇ ਮੇਰੇ ਨੱਕ 'ਤੇ ਵਾਰ ਕੀਤਾ ਤਾਂ ਮੇਰੇ ਨੱਕ ਅਤੇ ਕੰਨ ਤੋਂ ਖੂਨ ਨਿਕਲਣ ਲੱਗ ਪਿਆ ਤਾਂ ਮੈਂ ਅਤੇ ਮੇਰੀ ਪਤਨੀ ਨੇ ਮਾਰ ਦਿੱਤਾ ਮਾਰ ਦਿੱਤਾ ਦਾ ਰੋਲਾ ਪਾਇਆ ਤਾਂ ਉਥੇ ਮੌਜੂਦ ਲੋਕਾਂ ਨੇ ਸਾਨੂੰ ਇਨ੍ਹਾਂ ਤੋਂ ਛੁਡਵਾਇਆ, ਜਿਸ ਤੋਂ ਬਾਅਦ ਇਹ ਤਿੰਨੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ | ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬਲਤੇਜ ਸਿੰਘ ਦੇ ਬਿਆਨਾਂ ਤੇ ਅਨਮੋਲ ਸਿੰਘ ਉਰਫ਼ ਮੌਲਾ ਪੁੱਤਰ ਮੋਤੀ ਮਸੀਹ ਵਾਸੀ ਚਮਿਆਰੀ, ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਪੁੱਤਰ ਮੇਜਰ ਸਿੰਘ ਵਾਸੀ ਚਮਿਆਰੀ ਅਤੇ ਇਕ ਅਣਪਛਾਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਨਮੋਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਬਾਕੀ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ |