ਜੇਠੂਵਾਲ, 12 (ਮਿੱਤਰਪਾਲ ਸਿੰਘ ਰੰਧਾਵਾ)-ਬੀਤੇ ਕੱਲ੍ਹ ਸ਼ਾਮ ਨੂੰ ਆਏ ਹਨੇਰੀ ਝੱਖੜ ਨਾਲ ਰੁੱਖ ਦਾ ਟਹਿਣਾ ਵੱਜਣ ਨਾਲ ਇਕ ਵਿਅਕਤੀ ਦੀ ਹੋਈ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਨਣ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਮਜ਼ਦੂਰੀ ਵਜੋਂ ਦਿਹਾੜੀ ਕਰਦਾ ਸੀ ਅਤੇ ਉਹ ਰੋਜਾਨਾ ਪਿੰਡ ਜੇਠੂਵਾਲ ਤੋਂ ਅੰਮ੍ਰਿਤਸਰ ਵਿਖੇ ਦਿਹਾੜੀ ਲਾਉਣ ਵਾਸਤੇ ਗਿਆ ਸੀ, ਜਦੋਂ ਚੰਨਣ ਸਿੰਘ ਸ਼ਾਮ ਨੂੰ ਦਿਹਾੜੀ ਲਾ ਕੇ ਅੰਮ੍ਰਿਤਸਰ ਤੋਂ ਸਾਈਕਲ ‘ਤੇ ਆਪਣੇ ਪਿੰਡ ਜੇਠੂਵਾਲ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਤੇਜ਼ ਹਨੇਰੀ ਝੱਖੜ ਆਉਣ ਨਾਲ ਉਹ ਰੁੱਕ ਗਿਆ ਅਤੇ ਕਿਸੇ ਰੁੱਖ ਦਾ ਟਹਿਣਾ ਵੱਜਣ ਨਾਲ ਚੰਨਣ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲਣ ‘ਤੇ ਉਹ ਮੌਕੇ ‘ਤੇ ਪੁੱਜੇ। ਉਨ੍ਹਾਂ ਵਲੋਂ ਮ੍ਰਿਤਕ ਚੰਨਣ ਸਿੰਘ ਦੀ ਲਾਸ਼ ਨੂੰ ਘਰ ਲੈ ਆਏ ਜਿਨ੍ਹਾਂ ਦਾ ਅੰਤਿਮ ਸਸਕਾਰ ਜੇਠੂਵਾਲ ਵਿਖੇ ਕਰ ਦਿੱਤਾ ਗਿਆ। ਜੇਠੂਵਾਲ ਦੇ ਸਰਪੰਚ ਤਰਸੇਮ ਸਿੰਘ ਸਹੋਤਾ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਸਰਕਾਰ ਤੇ ਹਲਕਾ ਵਿਧਾਇਕ ਕੋਲੋਂ ਗਰੀਬ ਪਰਿਵਾਰ ਨਾਲ ਸੰਬੰਧਿਤ ਚੰਨਣ ਸਿੰਘ ਦੀ ਤੇਜ ਹਨੇਰੀ ਨਾਲ ਹੋਈ ਮੌਤ ‘ਤੇ ਪਰਿਵਾਰ ਨੂੰ ਢੁੱਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਗਈ।