ਮਜੀਠਾ, 28 ਜੂਨ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ ਸਮੇਤ ਪੰਜਾਬ ਭਰ ’ਚ ਪਿਛਲੇ ਦਿਨੀਂ ਨਗਰ ਕੌਂਸਲ ਦੀਆਂ ਚੋਣਾ ਹੋਈਆਂ ਸਨ, ਜਿਸ ਦੇ ਚਲਦਿਆਂ ਨਗਰ ਕੌਂਸਲ ਮਜੀਠਾ ਵਿਚ ਨਵੇਂ ਬਣੇ ਕੌਂਸਲਰਾਂ ਦੀਆਂ ਆਨਲਾਈਨ ਆਈ. ਡੀਆਂ ਨਾ ਬਨਣ ਕਰਕੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਲਾਭਪਾਤਰੀ ਹਰ ਰੋਜ਼ ਸੇਵਾ ਕੇਂਦਰਾਂ ਦੇ ਚੱਕਰ ਲਾ ਲਾ ਕੇ ਖੱਜਲ ਖੁਆਰ ਹੋ ਰਹੇ ਹਨ, ਕਿਉਂਕਿ ਕੋਈ ਸਰਟੀਫਿਕੇਟ ਚਾਹੇ ਉਹ ਪੰਜਾਬ ਦਾ ਵਸਨੀਕ ਦਾ ਹੋਵੇ, ਐੱਸ.ਸੀ., ਬੀ.ਸੀ. ਜਾਤੀ, ਆਮਦਨ ਸਰਟੀਫਿਕੇਟ, ਵਿਆਹ ਰਜਿਸਟਰੇਸ਼ਨ ਸਰਟੀਫਿਕੇਟ, ਜਿਹੇ ਹੋਰ ਕਈ ਸਰਟੀਫਿਕੇਟ ਹਨ ਜਿਹੜੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਹੁੰਦੇ ਹਨ ਅਤੇ ਇਨ੍ਹਾਂ ਦੀ ਵੈਰੀਫਿਕੇਸ਼ਨ ਪਹਿਲਾਂ ਕੌਂਸਲਰ ਦੀ ਆਈ.ਡੀ. ਵਿਚ ਉਹ ਕਰਦਾ ਹੈ, ਫਿਰ ਪਟਵਾਰੀ ਦੀ ਆਈ.ਡੀ. ਵਿਚ ਜਾਂਦੇ ਹਨ ਫਿਰ ਪਟਵਾਰੀ ਵੈਰੀਫਾਈ ਕਰਦਾ ਹੈ। ਹੁਣ ਜਦ ਕਿ ਨਗਰ ਕੌਂਸਲ ਦੀ ਚੋਣ 26 ਮਈ ਨੂੰ ਹੋਈ ਸੀ ਅਤੇ ਪਿਛਲੀ ਨਗਰ ਕੌਂਸਲ 18 ਅਪ੍ਰੈਲ ਨੂੰ ਭੰਗ ਕਰਕੇ ਇਸ ਦੇ ਕੌਂਸਲਰਾਂ ਦੀਆਂ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਸਨ। ਹੁਣ 20 ਮਈ ਨੂੰ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਮਜੀਠਾ ਨਗਰ ਕੌਂਸਲ ਦੇ ਨਵੇਂ ਚੁਣੇ ਕੌਂਸਲਰਾਂ ਦੀ ਸੁਹੰ ਚੁੱਕ ਸਮਾਗਮ ਅਤੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ 23 ਜੂਨ ਨੂੰ ਹੋਣੀ ਸੀ ਪਰ ਤਕਨੀਕੀ ਕਾਰਣਾਂ ਕਰਕੇ ਇਹ ਚੋਣ ਤਾਂ ਨਹੀਂ ਹੋਈ ਪਰ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਵਾ ਦਿੱਤੀ ਗਈ। ਪਰ ਅਜੇ ਤਕ ਇਨ੍ਹਾਂ ਨਵੇਂ ਚੁਣੇ ਕੌਂਸਲਰਾਂ ਦੀਆਂ ਆਨ ਲਾਈਨ ਆਈ. ਡੀਆਂ ਨਹੀ ਬਣੀਆਂ ਜਿਸ ਕਰਕੇ ਵੱਡੀ ਗਿਣਤੀ ਵਿਚ ਲੋਕ ਸਰਟੀਫਿਕੇਟ ਬਣਾਉਣ ਵਾਸਤੇ ਖੱਜਲ ਖੁਆਰ ਹੋ ਰਹੇ ਹਨ। ਸੇਵਾ ਕੇਂਦਰ ਦੇ ਕਰਮਚਾਰੀ ਕਹਿੰਦੇ ਹਨ ਕਿ ਐੱਮ. ਸੀ. ਦੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਇਸ ਕਰਕੇ ਫਾਈਲਾਂ ਅੱਗੇ ਨਹੀਂ ਜਾ ਰਹੀਆਂ। ਦੂਸਰੇ ਪਾਸੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਲੋਕ ਇਸ ਸਮੱਸਿਆ ਕਰਕੇ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਜਿੰਨੀ ਦੇਰ ਤੱਕ ਕੌਂਸਲਰਾਂ ਦੀਆਂ ਆਈ. ਡੀਆਂ ਨਹੀਂ ਬਣਦੀਆਂ ਇਸ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਮੇਂ ਸਿਰ ਸਰਟੀਫਿਕੇਟ ਮੁਹੱਈਆ ਹੋ ਸਕਣ।
ਮਜੀਠਾ ਦੇ ਨਵੇਂ ਬਣੇ ਕੌਂਸਲਰਾਂ ਦੀਆਂ ਆਈ. ਡੀਆਂ ਨਾ ਬਣਨ ਕਰਕੇ ਲਾਭਪਾਤਰੀ ਹੋ ਰਹੇ ਨੇ ਖੱਜਲ ਖੁਆਰ
ਅਜੀਤ ਡੈਸਕ
29-06-2026