ਜੰਡਿਆਲਾ ਗੁਰੂ, 9 ਜੁਲਾਈ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਵਿਚ ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਨੂੰ ਲੱਗ ਰਹੀ ਅੱਗ ਕਾਰਨ ਸ਼ਹਿਰ ਵਾਸੀਆਂ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ। ਵੀਰਵਾਰ ਦੁਪਹਿਰ ਭੀੜ-ਭੜੱਕੇ ਵਾਲੇ ਦਰਸ਼ਨੀ ਬਾਜ਼ਾਰ ਵਿਚ ਕੱਪੜਿਆਂ ਦੀ ਮਸ਼ਹੂਰ ਦੁਕਾਨ ਭਾਪੇ ਦੀ ਹੱਟੀ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਵੇਲੇ ਦੁਕਾਨ ਦੇ ਨਾਲ ਅਤੇ ਸਾਹਮਣੇ ਹੋਰ ਕੱਪੜਿਆਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹੋਈਆਂ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਦੁਕਾਨਦਾਰਾਂ ਨੇ ਤੁਰੰਤ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਇਕੱਠੇ ਹੋ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਬਿਜਲੀ ਵਿਭਾਗ ਵਲੋਂ ਪਿਛਲੇ ਕੁਝ ਸਮੇਂ ਤੋਂ ਤਾਰਾਂ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਬਿਜਲੀ ਪ੍ਰਬੰਧ ਦੀ ਹਾਲਤ ਸੰਤੋਸ਼ਜਨਕ ਨਹੀਂ ਹੈ। ਆਏ ਦਿਨ ਬਿਜਲੀ ਨਾਲ ਜੁੜੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਵਿਚ ਬਿੱਲਾ ਸਟੋਵਾਂ ਵਾਲੇ ਦੀ ਦੁਕਾਨ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਸੀ। ਉਸ ਵੇਲੇ ਵੀ ਦੁਕਾਨ ਅੰਦਰ ਪਿਆ ਪਲਾਸਟਿਕ ਦਾ ਸਾਮਾਨ ਵਾਲ-ਵਾਲ ਬਚ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ, ਮੀਤ ਪ੍ਰਧਾਨ ਅਮਨ ਵਿਰਕ, ਕੌਂਸਲਰ ਰੋਬਿਨ ਅਤੇ ਕੌਂਸਲਰ ਮਨਜਿੰਦਰ ਸਿੰਘ ਹੈਪੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਖਰਾਬ ਅਤੇ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ। ਸ਼ਹਿਰ ਵਾਸੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੁਰਾਣੀਆਂ ਅਤੇ ਜਰਜਰ ਤਾਰਾਂ ਨੂੰ ਤੁਰੰਤ ਬਦਲ ਕੇ ਨਵੀਆਂ ਤਾਰਾਂ ਲਗਾਈਆਂ ਜਾਣ।
ਦਰਸ਼ਨੀ ਬਾਜ਼ਾਰ ’ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ, ਦੁਕਾਨਦਾਰਾਂ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਟਲਿਆ
ਅਜੀਤ ਡੈਸਕ
10-07-2026