ਕਿਹਾ, ਕੌਮਾਂਤਰੀ ਸਰਹੱਦ ਨਾਲ ਧੁੱਸੀ ਬੰਨ੍ਹ ’ਤੇ 58 ਕਰੋੜ ਦੀ ਲਾਗਤ ਨਾਲ ਬਣ ਰਹੀ ਸੜਕ
ਅਜਨਾਲਾ, ਰਮਦਾਸ, ਗੱਗੋਮਾਹਲ, 19 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਐੱਮ.ਪੀ. ਲੈਡਜ਼ ਫ਼ੰਡ ’ਚੋਂ ਸਰਹੱਦੀ ਕਿਸਾਨਾਂ ਨੂੰ ਬੇੜੇ ਸੌਂਪੇ ਗਏ । ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਕਮਾਲਪੁਰ ਚੌਂਕੀ ਦੇ ਅੱਗੇ ਸਿਘੋਕੇ ਚੌਂਕੀ ਨੇੜੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਔਜਲਾ ਨੇ ਕਿਹਾ ਕਿ ਰਾਵੀ ਦਰਿਆ ‘ਤੇ ਪੁਲ ਨਾ ਹੋਣ ਕਾਰਨ ਦਰਿਆ ਤੋਂ ਪਾਰ ਆਪਣੀ ਜ਼ਮੀਨ ‘ਤੇ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਹਰ ਰੋਜ਼ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੇੜਿਆਂ ਦੀ ਸਹੂਲਤ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਪਹਿਲਾਂ ਦਿੱਤੇ ਗਏ ਬੇੜੇ ਰੁੜ੍ਹ ਗਏ ਸਨ । ਕਿਸਾਨਾਂ ਦੀ ਲਗਾਤਾਰ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੁਣ ਦੋ ਨਵੇਂ ਬੇੜੇ ਮੁਹੱਈਆ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ ਚਾਰ ਵੱਡੇ ਬੇੜੇ ਦਿੱਤੇ ਜਾ ਚੁੱਕੇ ਹਨ, ਜਦਕਿ ਲੋੜ ਅਨੁਸਾਰ ਕੁਝ ਛੋਟੀਆਂ ਬੇੜੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਔਜਲਾ ਨੇ ਕਿਹਾ ਕਿ ਨਵੇਂ ਬੇੜਿਆਂ ਦੀ ਸਮਰੱਥਾ ਇੰਨੀ ਹੈ ਕਿ ਇਨ੍ਹਾਂ ‘ਤੇ ਟਰੈਕਟਰ, ਕੰਬਾਈਨ ਹਾਰਵੈਸਟਰ ਅਤੇ ਹੋਰ ਭਾਰੀ ਖੇਤੀਬਾੜੀ ਮਸ਼ੀਨਰੀ ਵੀ ਆਸਾਨੀ ਨਾਲ ਦਰਿਆ ਪਾਰ ਲਿਜਾਈ ਜਾ ਸਕਦੀ ਹੈ। ਇਸ ਮੌਕੇ ਸੰਸਦ ਮੈਂਬਰ ਨੇ ਸਰਹੱਦੀ ਖੇਤਰ ਵਿਚ ਧੁੱਸੀ ਬੰਨ੍ਹ ’ਤੇ ਬਣ ਰਹੀ ਕਰੀਬ 58 ਕਰੋੜ ਰੁਪਏ ਦੀ ਸੜਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੜਕ ਲਈ ਉਹ ਸਾਲ 2017 ਤੋਂ ਲਗਾਤਾਰ ਸੰਸਦ ਵਿਚ ਆਵਾਜ਼ ਉਠਾਉਂਦੇ ਰਹੇ ਹਨ ਅਤੇ ਸੰਬੰਧਿਤ ਕੇਂਦਰੀ ਵਿਭਾਗਾਂ ਨਾਲ ਕਈ ਪੱਧਰਾਂ ‘ਤੇ ਮੀਟਿੰਗਾਂ ਕਰਕੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਈ । ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ, ਜਿਸ ਲਈ ਏਡੀਐਫ ਰਾਹੀਂ ਫ਼ੰਡ ਜਾਰੀ ਹੋਏ ਹਨ ਅਤੇ ਹੁਣ ਸੜਕ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਇਸ ਮੌਕੇ ਸੁਖਜਿੰਦਰ ਸਿੰਘ ਸੁੱਖ ਔਜਲਾ, ਹਰਜਿੰਦਰ ਸਿੰਘ ਬਾਜਵਾ, ਰਮਨ ਕਾਹਲੋਂ, ਨਿਸ਼ਾਨ ਸਿੰਘ ਸੁਧਾਰ, ਬਲਵਿੰਦਰ ਸਿੰਘ ਜੱਟਾ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਮਨਦੀਪ ਸਿੰਘ, ਕਰਨ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਸੰਸਦ ਮੈਂਬਰ ਔਜਲਾ ਵਲੋਂ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਦਿੱਤੇ ਬੇੜੇ
ਅਜੀਤ ਡੈਸਕ
20-07-2026