ਜੇਠੂਵਾਲ, 22 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)- ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਬੇਨਤੀਜਾ ਰਹਿਣ ਉਪਰੰਤ ਜੁਆਇੰਟ ਫੋਰਮ ਪੰਜਾਬ ਵਲੋਂ ਦੋ ਦਿਨ ਹੜਤਾਲ ਦੇ ਦਿੱਤੇ ਗਏ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵਲੋਂ ਕੰਮ ਕਾਜ ਠੱਪ ਕਰ ਦਿੱਤਾ ਗਿਆ, ਜਿਸ ਦਾ ਅਸਰ ਕੰਮ ਕਾਜ ਦੇ ਨਾਲ ਨਾਲ ਬਿਜਲੀ ਸਪਲਾਈ ’ਤੇ ਵੀ ਪਿਆ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਬ ਡਵੀਜ਼ਨ ਕੱਥੂਨੰਗਲ ਅਧੀਨ ਆਉਂਦੇ ਕੁਝ ਪਿੰਡਾਂ ਤੇ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਇਸ ਹੜਤਾਲ ਦਾ ਖਮਿਆਜ਼ਾ ਭੁਗਤਣਾ ਪਿਆ। ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਧਰਮਬੀਰ ਸਿੰਘ ਸੋਹੀ ਤੇ ਯੂਥ ਅਕਾਲੀ ਦਲ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਬੁੱਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਬ-ਸਟੇਸ਼ਨ ਕੱਥੂਨੰਗਲ ਤੋਂ ਚੱਲਣ ਵਾਲੇ ਲਗਭਗ ਸਾਰੇ ਏ.ਪੀ. ਫੀਡਰ ਬੰਦ ਪਏ ਹਨ। ਕੋਈ ਬਿਜਲੀ ਮੁਲਾਜ਼ਮ ਇਨ੍ਹਾਂ ਫੀਡਰਾਂ ਨੂੰ ਚਲਾਉਣ ਲਈ ਨਹੀਂ ਆਇਆ, ਜਦੋਂ ਕਿ ਸਬ ਸਟੇਸ਼ਨ ਦੇ ਮੁਲਾਜ਼ਮਾਂ ਵਲੋਂ ਇਹ ਮੈਸੇਜ ਪਾਇਆ ਗਿਆ ਕਿ ਇਹ ਫੀਡਰ ਫਾਲਟ ਕਾਰਨ ਬੰਦ ਹਨ, ਜਿਸ ਵਜੋਂ ਅੱਜ ਦੂਸਰੇ ਦਿਨ ਵੀ ਕੁਝ ਪਿੰਡਾਂ ਤੇ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਠੱਪ ਰਹੀ। ਜਿਸ ਕਰਕੇ ਲੋਕਾਂ ਦੇ ਘਰਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਖਾਲੀ ਹੋ ਗਈਆਂ ਅਤੇ ਇਨਵਰਟਰ ਵੀ ਜਵਾਬ ਦੇ ਗਏ ਅਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਕਈ ਪਿੰਡਾਂ ਵਾਲਿਆਂ ਨੂੰ ਬਿਨਾਂ ਬਿਜਲੀ ਤੋਂ ਰਾਤ ਗੁਜ਼ਾਰਨੀ ਪਈ। ਸੋਹੀ ਤੇ ਬੁੱਟਰ ਨੇ ਕਿਹਾ ਕਿ ਲੋਕ ਬਿਜਲੀ ਦਫ਼ਤਰ ਵਿਚ ਗਏ ਤਾਂ ਦਫ਼ਤਰ ਵਿਚ ਕੋਈ ਵੀ ਸਰਕਾਰੀ ਬਿਜਲੀ ਮੁਲਾਜ਼ਮ ਮੌਜੂਦ ਨਾ ਹੋਣ ਕਾਰਨ ਉੱਚ ਅਧਿਕਾਰੀਆਂ ਵਲੋਂ ਆਪਣੇ ਤੌਰ ’ਤੇ ਤਾਇਨਾਤ ਪ੍ਰਾਈਵੇਟ ਕਰਮਚਾਰੀਆਂ ਕੋਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਤਕਨੀਕੀ ਸਮੱਸਿਆਵਾਂ ਕਾਰਨ ਬਿਜਲੀ ਚਾਲੂ ਨਾ ਕਰਾ ਸਕੇ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਾਈ ਜਾਵੇ।