05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤੋਲਾ ਨੰਗਲ ਦੇ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-07-2026
ਰਾਮ ਤੀਰਥ/ ਰਾਜਾਸਾਂਸੀ, 22 ਜੁਲਾਈ (ਧਰਵਿੰਦਰ ਸਿੰਘ ਔਲਖ, ਹਰਦੀਪ ਸਿੰਘ ਖੀਵਾ)-ਪਿੰਡ ਤੋਲਾ ਨੰਗਲ ਦੇ ਵਸਨੀਕਾਂ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਈਆਂ ਗੰਭੀਰ ਸਮੱਸਿਆਵਾਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਅਤੇ ਪਿੰਡ ਦੀ ਪੰਚਾਇਤ ਤੋਂ ਜਲਦੀ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਬਰਸਾਤ ਤੋਂ ਬਾਅਦ ਗਲੀਆਂ ਅਤੇ ਘਰਾਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਪਿੰਡ ਵਾਸੀ ਸੁਖਜਿੰਦਰ ਸਿੰਘ, ਸੂਬੇਦਾਰ ਗੁਰਮੁਖ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ। ਖੜ੍ਹੇ ਪਾਣੀ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਰਹੀ ਹੈ, ਜਿਸ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਵੀ ਲੰਬੇ ਸਮੇਂ ਤੱਕ ਪਾਣੀ ਵਿਚ ਖੜ੍ਹੇ ਰਹਿਣ ਲਈ ਮਜਬੂਰ ਹਨ, ਜਦਕਿ ਪਸ਼ੂਆਂ ਲਈ ਸੰਭਾਲ ਕੇ ਰੱਖੀ ਤੂੜੀ ਵੀ ਭਿੱਜ ਕੇ ਖ਼ਰਾਬ ਹੋ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਛੱਪੜਾਂ ‘ਤੇ ਹੋਏ ਕਬਜ਼ਿਆਂ ਅਤੇ ਨਿਕਾਸੀ ਨਾਲੇ ਦੇ ਪ੍ਰਭਾਵਿਤ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੋਰ ਗੰਭੀਰ ਬਣ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ । ਇਸ ਮੌਕੇ ਪ੍ਰਦੀਪ ਸਿੰਘ, ਅਭਿਰਾਜ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਕਰਨਬੀਰ ਸਿੰਘ, ਸਿਮਰਨਜੀਤ ਸਿੰਘ, ਰੋਹਨਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ। ਉੱਧਰ ਇਸ ਸੰਬੰਧੀ ਆਪਣਾ ਪੱਖ ਰੱਖਦਿਆਂ ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਕੁਝ ਲੋਕਾਂ ਨੇ ਖੁਦ ਛੱਪੜਾਂ ’ਤੇ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਨਿਕਾਸੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਪੜ ’ਚੋਂ ਪਾਣੀ ਕੱਢਣ ਲਈ ਮੋਟਰ ਲਗਾਈ ਗਈ ਹੈ ਅਤੇ ਕਰੀਬ ਤਿੰਨ ਕਿੱਲੇ ਤੱਕ ਪਾਈਪ ਲਾਈਨ ਵੀ ਵਿਛਾਈ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਵੀ ਪਿੰਡ ਦਾ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਝ ਲੋਕਾਂ ਵਲੋਂ ਰੁਕਾਵਟ ਪਾਈ ਜਾਂਦੀ ਹੈ। ਸਰਪੰਚ ਨੇ ਭਰੋਸਾ ਦਿਵਾਇਆ ਕਿ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਲਈ ਯਤਨ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਵਹੀਰ ਦਾ ਹਲਕਾ ਅਟਾਰੀ ਅੰਦਰ ਸੱਤ ਪੜਾਵਾਂ ’ਤੇ ਹੋਵੇਗਾ ਨਿੱਘਾ ਸਵਾਗਤ-ਜਥੇ: ਰਣੀਕੇ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋਏ ਡਾਢੇ ਪੇ੍ਸ਼ਾਨ-ਸੋਹੀ, ਬੁੱਟਰ
Ad Position 24
No active advertisement