ਹਰਸਾ ਛੀਨਾ, 26 ਜੁਲਾਈ (ਕੜਿਆਲ)- ਬਿਜਲੀ ਕਾਮਿਆਂ ਦੇ ਹੱਕਾਂ ਲਈ ਸੰਘਰਸਸ਼ੀਲ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਸੱਦੇ ‘ਤੇ ਬਿਜਲੀ ਘਰ ਕੁਕੜਾਂਵਾਲਾ ਵਿਖੇ ਬਿਜਲੀ ਕਾਮਿਆਂ ਵਲੋਂ ਲਗਾਤਾਰ 6ਵੇਂ ਦਿਨ ਸਮੂਹਿਕ ਛੁੱਟੀ ਲੈਂਦਿਆਂ ਰੋਸ ਰੈਲੀ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਬਿਜਲੀ ਕਾਮਿਆਂ ਦੇ ਲਗਾਤਾਰ 6 ਦਿਨਾਂ ਤੋਂ ਸਮੂਹਿਕ ਛੁੱਟੀ ਲੈਣ ਕਾਰਨ ਬਰਸਾਤ ਦੇ ਮੌਸਮ ਵਿਚ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਾਰੋਬਾਰੀ ਘਰਾਣਿਆਂ ਦੇ ਦਬਾਅ ਹੇਠ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ, ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਪਾਸ ਕਰਨ, ਤਨਖ਼ਾਹਾਂ ਦਾ ਬੁਨਿਆਦੀ ਢਾਂਚਾ ਬਦਲ ਕੇ ਘੱਟ ਤੋਂ ਘੱਟ ਤਨਖ਼ਾਹ ਦੇਣ ਦਾ ਫਾਰਮੂਲਾ ਲਾਗੂ ਕਰਨ ਸਮੇਤ ਹੋਰ ਮੁਲਾਜਮ-ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸੇ ਨੀਤੀ ਤਹਿਤ ਹੀ ਸੂਬਾ ਸਰਕਾਰ 17-07-ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਬਰਾਬਰ ਕੰਮ-ਬਰਾਬਰ ਤਨਖਾਹ ਦਾ ਫਾਰਮੂਲਾ ਰੱਦ ਕਰਕੇ ਕੇਂਦਰੀ ਤਰਜ ਤੇ 7ਵੇਂ ਪੇਅ ਸਕੇਲ ਰਾਹੀਂ ਤਨਖ਼ਾਹ ਦੇਣ ਦਾ ਫਾਰਮੂਲਾ ਲਾਗੂ ਕਰਨ, ਮੁਲਾਜ਼ਮਾਂ ਦੇ ਬਕਾਇਆ 18% ਮਹਿੰਗਾਈ ਭੱਤਾ ਨਾ ਦੇਣ, ਆਪ ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ, ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਦਿਆਂ ਮੁਲਾਜ਼ਮਾਂ ਨੂੰ ਜਬਰੀ ਮੋਬਾਈਲ ਫੋਨ ਦੇ ਕੇ ਬਿਜਲੀ ਕਾਮਿਆਂ ਦੀ ਭਾਰੀ ਘਾਟ ਦੇ ਬਾਵਜੂਦ ਸ਼ਿਕਾਇਤਾਂ ਅਤੇ ਬ੍ਰੇਕਡਾਊਨਾਂ ਇਕ ਘੰਟੇ ਅੰਦਰ ਹੱਲ ਕਰਨ ਦੇ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਸਮੇਤ ਹੋਰ ਮੁਲਾਜਮ ਮਾਰੂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਸਬ ਡਵੀਜ਼ਨ ਪ੍ਰਧਾਨ ਜੁਗਰਾਜ ਸਿੰਘ, ਜਰਨੈਲ ਸਿੰਘ ਸੈਂਸਰਾ, ਨਰਿੰਦਰ ਕੁਮਾਰ, ਜਸਪਾਲ ਸਿੰਘ, ਹਰਦੇਵ ਸਿੰਘ ਫੌਜੀ ਤੇ ਮਨਦੀਪ ਸਿੰਘ ਫੌਜੀ ਨੇ ਸੰਬੋਧਨ ਕੀਤਾ।
ਬਿਜਲੀ ਕਾਮਿਆਂ ਦੀ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਅਜੀਤ ਡੈਸਕ
27-07-2026