ਅਜਨਾਲਾ, 29 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੀਆਂ ਹੱਕੀ ਮੰਗਾਂ ਅਤੇ ਬਰਨਾਲਾ ਵਿਖੇ ਮਹਿਲਾ ਸਫ਼ਾਈ ਸੇਵਕਾਂ ਦੀ ਕੀਤੀ ਕੁੱਟਮਾਰ ਦੇ ਵਿਰੋਧ ‘ਚ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਵਿਖੇ ਧਰਨੇ ‘ਤੇ ਬੈਠੇ ਸਫ਼ਾਈ ਸੇਵਕਾਂ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਮਰਜੀਤ ਸਿੰਘ ਸਰਕਾਰੀਆ ਸਾਥੀਆਂ ਸਮੇਤ ਧਰਨੇ ਵਿਚ ਪਹੁੰਚੇ ਅਤੇ ਸੰਘਰਸ਼ ਕਰ ਰਹੇ ਸੇਵਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਅਮਰਜੀਤ ਸਿੰਘ ਸਰਕਾਰੀਆ ਨੇ ਬਰਨਾਲਾ ਵਿਖੇ ਮਹਿਲਾ ਸਫ਼ਾਈ ਸੇਵਕਾਂ ਨਾਲ ਹੋਈ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਕਿਸੇ ਵੀ ਸ਼ਹਿਰ ਜਾਂ ਪਿੰਡ ਦੀ ਰੀੜ੍ਹ ਦੀ ਹੱਡੀ ਹਨ । ਅਜਿਹੇ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਸੁਣਨ ਦੀ ਬਜਾਏ ਉਨ੍ਹਾਂ ‘ਤੇ ਲਾਠੀਚਾਰਜ ਕਰਨਾ ਅਤੇ ਖ਼ਾਸ ਕਰਕੇ ਮਹਿਲਾ ਸਫ਼ਾਈ ਸੇਵਕਾਂ ਨਾਲ ਧੱਕੇਸ਼ਾਹੀ ਕਰਨਾ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਅਜਨਾਲਾ ਦੇ ਪ੍ਰਧਾਨ ਰਮੇਸ਼ ਸਿੰਘ ਨੇ ਦੱਸਿਆ ਕਿ ਸੂਬਾ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਬਰਨਾਲਾ ਵਿਖੇ ਮਹਿਲਾ ਸਫ਼ਾਈ ਸੇਵਕਾਂ ਨਾਲ ਹੋਈ ਕੁੱਟਮਾਰ ਦੇ ਰੋਸ ਵਜੋਂ ਕੱਲ੍ਹ 30 ਜੁਲਾਈ ਨੂੰ ਅਜਨਾਲਾ ਸ਼ਹਿਰ ਮੁਕੰਮਲ ਬੰਦ ਰੱਖਿਆ ਜਾਵੇਗਾ। ਇਸ ਮੌਕੇ ਪੈਨਸ਼ਨਰ ਆਗੂ ਜਗਦੀਸ਼ ਦੇਵਗਨ, ਸੁੱਚਾ ਸਿੰਘ, ਸਲਾਮਤ ਮਸੀਹ, ਬਲਬੀਰ ਕੌਰ, ਰਾਜੂ, ਮੰਗਤ, ਸਵਿੰਦਰ, ਰਾਮ ਕਿਸ਼ਨ, ਗੁਰਪ੍ਰੀਤ, ਰਾਜਾ ਗਿੱਲ, ਚੇਅਰਮੈਨ ਪਰਗਟ ਸਿੰਘ, ਗੁਰਦੀਪ ਸਿੰਘ ਪ੍ਰਧਾਨ ਕਿਸਾਨ ਫ਼ਰੰਟ ਆਦਿ ਹਾਜ਼ਰ ਸਨ।