ਸੰਤ ਬਾਬਾ ਸੇਵਾ ਸਿੰਘ ਦੀ ਮਿੱਠੀ ਯਾਦ ’ਚ ਗੁਰਮਤਿ ਸਮਾਗਮ ਕਰਵਾਇਆ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰਦੁਆਰਾ ਨਾਨਕ ਨਿਵਾਸ ਬੂੜਾ ਗੁੱਜਰ ਰੋਡ ਕੋਟਲੀ ਦੇਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਸੇਵਾ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਭ ਤੋਂ ਪਹਿਲਾਂ 6 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ।
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰਦੁਆਰਾ ਨਾਨਕ ਨਿਵਾਸ ਬੂੜਾ ਗੁੱਜਰ ਰੋਡ ਕੋਟਲੀ ਦੇਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਸੇਵਾ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਭ ਤੋਂ ਪਹਿਲਾਂ 6 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਗੁਰੂ ਜਸ ਸਰਵਣ ਕਰਕੇ ਆਤਮਿਕ ਲਾਭ ਪ੍ਰਾਪਤ ਕੀਤਾ। ਇਸ ਮੌਕੇ ਕਥਾਵਾਚਕ ਭਾਈ ਬਲਵਿੰਦਰ ਸਿੰਘ ਦੇਹਰਾਦੂਨ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਸੱਚ ਦੇ ਮਾਰਗ ’ਤੇ ਚੱਲਣ, ਨਾਮ ਸਿਮਰਨ ਨਾਲ ਜੁੜਨ ਅਤੇ ਆਪਣੇ ਅੰਦਰੋਂ ਹਉਮੈ ਤੇ ਵਿਕਾਰਾਂ ਨੂੰ ਦੂਰ ਕਰਨ ਦੀ ਪ੍ਰੇਰਣਾ ਦਿੰਦੀ ਹੈ। ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਜਾਤ-ਪਾਤ, ਊਚ-ਨੀਚ ਅਤੇ ਆਪਸੀ ਭੇਦਭਾਵ ਤੋਂ ਉਪਰ ਉਠ ਕੇ ਸਮੁੱਚੀ ਮਨੁੱਖਤਾ ਨੂੰ ਇਕ ਸਮਾਨ ਸਮਝਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਸੰਗਤ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਗੁਰਮਤਿ ਸਿਧਾਂਤਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵਲੋਂ ਮਨੋਹਰ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਢਾਡੀ ਗੁਰਮੇਲ ਸਿੰਘ ਭੁੱਟੀਵਾਲਾ ਵਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ। ਵਿਰਸਾ ਸਿੰਘ ਤੇ ਵੱਸਣ ਸਿੰਘ ਦੇ ਕਵਿਸ਼ਰੀ ਜਥੇ ਵਲੋਂ ਕਵਿਸ਼ਰੀ ਰਾਹੀਂ ਗੁਰੂ ਇਤਿਹਾਸ ਤੇ ਸਿੱਖੀ ਵਿਰਸੇ ਨਾਲ ਜੋੜਿਆ ਗਿਆ। ਭਾਈ ਮਨਦੀਪ ਸਿੰਘ ਜੱਸੇਆਣਾ ਨੇ ਧਾਰਮਿਕ ਕਵਿਤਾ ਪੇਸ਼ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਨਾਨਕ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਵਲੋਂ ਅਰਦਾਸ ਕੀਤੀ ਗਈ। ਉਪਰੰਤ ਹੁਕਮਨਾਮਾ ਲਿਆ ਗਿਆ ਅਤੇ ਭਾਈ ਬਲਵਿੰਦਰ ਸਿੰਘ ਸਮੇਤ ਸ੍ਰੀ ਅਖੰਡ ਪਾਠਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਭਾਈ ਗੁਰਮੀਤ ਸਿੰਘ ਨੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਗੋਬਿੰਦ ਸਿੰਘ ਕੋਟਲੀ ਦੇਵਨ ਨੇ ਨਿਭਾਈ ਅਤੇ ਉਨ੍ਹਾਂ ਸਮਾਗਮ ਵਿਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।