ਸਮਾਣਾ, 6 ਜਨਵਰੀ (ਪ੍ਰੀਤਮ ਸਿੰਘ ਨਾਗੀ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਬਚਿੱਤਰ ਸਿੰਘ ਵੜੈਚ ਦਾ ਸਮਾਣਾ ਦਫ਼ਤਰ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਸਮਾਣਾ ਦੇ ਮੁਖ ਸੇਵਾਦਾਰ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪਰਿਸ਼ਦ ਮੈਂਬਰ ਬਚਿੱਤਰ ਸਿੰਘ ਵੜੈਚ ਨੇ ਸਨਮਾਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲੋਕ-ਹਿਤ 'ਚ ਨਿਭਾਉਣਗੇ | ਉਨ੍ਹਾਂ ਆਖਿਆ ਕਿ ਹਲਕੇ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਬਚਿੱਤਰ ਸਿੰਘ ਵੜੈਚ ਇਕ ਜ਼ਮੀਨ ਨਾਲ ਜੁੜਿਆ ਹੋਇਆ ਮਿਹਨਤੀ ਆਗੂ ਹੈ | ਉਨ੍ਹਾਂ ਨੇ ਕਿਹਾ ਕਿ ਵੜੈਚ ਦੀ ਜਿੱਤ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਉਹ ਜ਼ਿਲ੍ਹਾ ਪਰਿਸ਼ਦ 'ਚ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਅਕਾਲੀ ਦਲ ਦੀ ਪ੍ਰਫੁੱਲਤਾ ਲਈ ਸਰਗਰਮ ਭੂਮਿਕਾ ਨਿਭਾਉਣਗੇ | ਇਸ ਮੌਕੇ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਮਜ਼ਬੂਤੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਉਨ੍ਹਾਂ ਆਖਿਆ ਕਿ ਪਾਰਟੀ ਦੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜ ਅੱਜ ਲੋਕਾਂ ਨੂੰ ਯਾਦ ਆ ਰਹੇ ਹਨ ਅਤੇ ਮੌਜੂਦਾ ਸਰਕਾਰ ਦੀ ਨਾਕਾਮੀ ਕਾਰਨ ਲੋਕ ਨਿਰਾਸ਼ ਹਨ | ਹਰਿਆਊ ਨੇ ਕਿਹਾ ਕਿ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਸ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸੜਕਾਂ, ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਅਤੇ ਕਿਸਾਨ ਹਿਤ 'ਚ ਠੋਸ ਕੰਮ ਕੀਤੇ | ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਤੇ ਉਤਸ਼ਾਹ ਹੈ, ਪੁਰਾਣੇ ਵਰਕਰ ਮੁੜ ਜੁੜ ਰਹੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਨਦਾਰ ਨਤੀਜਿਆਂ ਨਾਲ ਆਪਣੀ ਸਰਕਾਰ ਬਣਾਏਗਾ | ਸਨਮਾਨ ਸਮਾਰੋਹ ਦੌਰਾਨ ਮਲਕੀਤ ਸਿੰਘ ਚੀਮਾ ਕੌਮੀ ਜਨਰਲ ਸਕੱਤਰ, ਜਥੇਦਾਰ ਸਰਬਜੀਤ ਸਿੰਘ ਕਕਰਾਲਾ, ਸੀਨੀਅਰ ਆਗੂ ਅਜੈਬ ਸਿੰਘ ਮੱਲੀ, ਅਮਰਜੀਤ ਸਿੰਘ ਟੋਡਰਪੁਰ, ਦਰਸ਼ਨ ਸਿੰਘ ਸਮਾਣਾ, ਪਿਆਰਾ ਸਿੰਘ ਚੁਪਕੀ, ਜਸਬੀਰ ਸਿੰਘ ਜੱਸੀ, ਰਾਜੂ ਕਰਹਾਲੀ ਸਾਹਿਬ, ਗੁਲਾਬ ਸਿੰਘ ਦੁਲੜ, ਹੈਪੀ ਸਮਾਣਾ, ਰਵੀ ਅਸਮਾਰਪੁਰ ਅਤੇ ਯੁਵਰਾਜ ਸਿੰਘ ਅਚਰਾਲਾ ਸਮੇਤ ਵੱਡੀ ਗਿਣਤੀ 'ਚ ਪਾਰਟੀ ਆਗੂ ਅਤੇ ਵਰਕਰ ਮੌਜੂਦ ਰਹੇ |