ਪਟਿਆਲਾ, 27 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ ਅਤੇ ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਪੋਲੋ ਗਰਾਊਾਡ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਪੰਜਾਬੀਆਂ ਨੂੰ ਰੰਗਲਾ ਪੰਜਾਬ ਬਣਾਉਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ | ਉਨ੍ਹਾਂ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਾਰਚ ਪਾਸਟ ਤੋਂ ਸਲਾਮੀ ਵੀ ਲਈ | ਪੰਜਾਬ ਵਾਸੀਆਂ ਦੇ ਨਾਮ ਆਪਣੇ ਸੰਦੇਸ਼ 'ਚ ਹਰਜੋਤ ਸਿੰਘ ਬੈਂਸ ਨੇ 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਯੋਜਗਾਨ ਨੂੰ ਯਾਦ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੀਆਂ ਤਿੰਨੋ ਸੈਨਾਵਾਂ ਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਵੀ ਪ੍ਰਣਾਮ ਕੀਤਾ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਸਿੱਖਿਆ ਕਰਾਂਤੀ ਜਰੀਏ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾ ਦਿੱਤਾ ਹੈ ਅਤੇ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬਾ ਨਿਵਾਸੀਆਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਤੇ ਇਸ ਦਾ ਲਾਭ ਰਾਜ ਦੇ 65 ਲੱਖ ਪਰਿਵਾਰ ਲੈਣਗੇ | ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਮੁੱਖ ਬੁਲਾਰੇ ਬਲਤੇਜ ਪੰਨੂ, ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ ਬਾਜ਼ੀਗਰ, ਸਨੌਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਮੇਅਰ ਕੁੰਦਨ ਗੋਗੀਆ, ਪੀ.ਆਰ.ਟੀ.ਸੀ ਦੇ ਮਨੋਨੀਤ ਚੇਅਰਮੈਨ ਹਰਪਾਲ ਜੁਨੇਜਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸਮੇਤ ਵੱਡੀ ਗਿਣਤੀ ਸ਼ਹਿਰ ਦੇ ਕੌਂਸਲਰ, ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ | ਸਮਾਗਮ ਸਮੇਂ ਸਪੈਸ਼ਲ ਡੀ.ਜੀ.ਪੀ. ਡਾ. ਨਰੇਸ਼ ਅਰੋੜਾ, ਡਵਜੀਨਲ ਕਮਿਸ਼ਨਰ ਵਿਨੈ ਬੁਬਲਾਨੀ, ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਵਤਾਰ ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐੱਸ.ਐੱਸ.ਪੀ ਵਰੁਣ ਸ਼ਰਮਾ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵੀ.ਸੀ. ਡਾ. ਰਤਨ ਸਿੰਘ, ਪਦਮਸ੍ਰੀ ਜਗਜੀਤ ਸਿੰਘ ਦਰਦੀ ਤੇ ਪ੍ਰਾਣ ਸੱਭਰਵਾਲ, ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ, ਸੰਯੁਕਤ ਕਮਿਸ਼ਨਰ ਸੋਨਮ, ਏ.ਡੀ.ਸੀਜ ਦਮਨਜੀਤ ਸਿੰਘ ਮਾਨ, ਸਿਮਰਪ੍ਰੀਤ ਤੌਰ ਤੇ ਡਾ. ਇਸਮਤ ਵਿਜੇ ਸਿੰਘ, ਐੱਸ.ਪੀਜ ਵੈਭਵ ਚੌਧਰੀ ਤੇ ਪਲਵਿੰਦਰ ਸਿੰਘ ਚੀਮਾ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ, ਦੀਪਜੋਤ ਕੌਰ, ਐੱਸ.ਡੀ.ਐੱਮ ਹਰਜੋਤ ਕੌਰ ਮਾਵੀ, ਸੀ.ਐੱਮ.ਐਫ.ਓ. ਸਤੀਸ਼ ਚੰਦਰ, ਜੁਡੀਸ਼ੀਅਲ ਅਧਿਕਾਰੀਆਂ ਸਮੇਤ ਸਿਵਲ ਤੇ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ | ਸਮਾਗਮ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ, ਪਰੇਡ ਕਮਾਂਡਰ ਤੇ ਪਰੇਡ 'ਚ ਸ਼ਾਮਲ ਟੁਕੜੀਆਂ ਦੇ ਪਲਟੂਨ ਕਮਾਂਡਰਾਂ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸਮੂਹ ਵਿਧਾਇਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੋੜਵੰਦਾਂ ਨੂੰ ਰੈਡ ਕਰਾਸ ਵੱਲੋਂ ਸਿਲਾਈ ਮਸ਼ੀਨਾਂ ਅਤੇ ਟਰਾਈਸਾਇਕਲਾਂ ਵੀ ਤਕਸੀਮ ਕੀਤੀਆਂ ਗਈਆਂ | ਸਮਾਰੋਹ ਦੌਰਾਨ ਪਰੇਡ ਕਮਾਂਡਰ ਡੀ.ਐੱਸ.ਪੀ. ਫ਼ਤਹਿ ਸਿੰਘ ਬਰਾੜ ਦੀ ਅਗਵਾਈ ਹੇਠ ਆਈ.ਟੀ.ਬੀ.ਪੀ., ਪਟਿਆਲਾ ਪੁਲਿਸ, ਪੰਜਾਬ ਹੋਮ ਗਾਰਡਜ, ਐਨ.ਸੀ.ਸੀ, ਰੈੱਡ ਕਰਾਸ ਦੀ ਸੈਂਟ ਜੋਨ ਐਂਬੂਲੈਂਸ ਬਿ੍ਗੇਡ, ਸਟੂਡੈਂਟ ਪੁਲਿਸ ਕੈਡੇਟ, ਸਕਾਊਟ ਐਂਡ ਗਾਈਡ ਤੇ ਆਈ.ਆਰ.ਬੀ. ਦਾ ਪਾਈਪ ਬੈਂਡ ਦੀਆਂ 11 ਟੁਕੜੀਆਂ ਮਾਰਚ ਪਾਸਟ ਵਿੱਚ ਸ਼ਾਮਿਲ ਹੋਈਆਂ |
ਭੰਗੜੇ 'ਚ ਸਕੂਲ ਆਫ਼ ਐੱਮੀਨੈਂਸ ਫੀਲਖਾਨਾ, ਸਰਕਾਰੀ ਮਲਟੀਪਰਪਜ ਸਮਾਰਟ ਸਕੂਲ ਪਾਸੀ ਰੋਡ, ਸਰਕਾਰੀ ਸਮਾਰਟ ਸਕੂਲ ਸਿਵਲ ਲਾਈਨ, ਸੀਨੀਅਰ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ, ਸਰਕਾਰੀ ਮਹਿੰਦਰਾ ਕਾਲਜ, ਬਿਕਰਮ ਕਾਲਜ ਆਫ ਕਾਮਰਸ, ਖਾਲਸਾ ਕਾਲਜ ਤੇ ਯੂਨੀਵਰਸਿਟੀ ਕੈਂਪਸ ਦੇ ਨੌਜਵਾਨ ਵਿਦਿਆਰਥੀਆਂ ਨੇ ਪੇਸ਼ਕਾਰੀ ਕੀਤੀ | ਸਮਾਗਮ ਦੇ ਅਖੀਰ ਵਿੱਚ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਡੈਫ ਐਂਡ ਸਪੈਸ਼ਲ ਚਿਲਡਰਨ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਦੌਰਾਨ ਸੰਕੇਤਕ ਭਾਸ਼ਾ 'ਚ ਸ਼ਮੂਲੀਅਤ ਕੀਤੀ |
ਪੀ.ਐੱਸ.ਟੀ.ਸੀ.ਐਲ. ਵਲੋਂ ਮਨਾਇਆ ਗਿਆ 77ਵਾਂ ਗਣਤੰਤਰ ਦਿਵਸ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਪੀ.ਐੱਸ.ਟੀ.ਸੀ.ਐਲ. ਵਲੋਂ 77ਵਾਂ ਗਣਤੰਤਰ ਦਿਵਸ ਸ਼ਕਤੀ ਵਿਹਾਰ ਆਫ਼ੀਸਰ ਫਲੈਟਾਂ ਵਿਚ ਰਸਮੀ ਤਰੀਕੇ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸੀ.ਏ. ਵਿਨੋਦ ਕੁਮਾਰ ਬਾਂਸਲ, ਨਿਰਦੇਸ਼ਕ, ਵਿੱਤ ਤੇ ਵਣਜ-ਕਮ-ਪ੍ਰਬੰਧਕੀ, ਪੀ.ਐੱਸ.ਟੀ.ਸੀ.ਐਲ. ਨੇ ਮੁਖ ਮਹਿਮਾਨ ਵਜੋਂ ਸਮਾਰੋਹ ਦੀ ਸ਼ੋਭਾ ਵਧਾਈ | ਮੁੱਖ ਮਹਿਮਾਨ ਵਲੋਂ ਰਾਸ਼ਟਰੀ ਝੰਡਾ ਫਹਿਰਾਉਣ ਦੀ ਰਸਮ ਸਾਰੇ ਵਿਭਾਗਾਂ ਦੇ ਮੁਖੀ, ਅਧਿਕਾਰੀਆਂ, ਕਰਮਚਾਰੀਆਂ ਦੀ ਮੌਜੂਦਗੀ ਵਿਚ ਕੀਤੀ ਗਈ, ਜਿਸ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ | ਸੀ.ਏ. ਵਿਨੋਦ ਕੁਮਾਰ ਬਾਂਸਲ ਵਲੋਂ ਦਿਨ ਦੀ ਮਹੱਤਤਾ ਨੂੰ ਸਾਂਝਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੀ.ਐੱਸ.ਟੀ.ਸੀ.ਐਲ. ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਗਿਆ | ਗਣਤੰਤਰ ਦਿਵਸ ਨੂੰ ਸਮਰਪਿਤ ਰਸਮੀ ਕਾਰਵਾਈ ਕਰਨ ਉਪਰੰਤ ਲੱਡੂ ਵੰਡ ਕੇ ਸਮਾਗਮ ਦੀ ਸਮਾਪਤੀ ਹੋਈ |
ਸਕੂਲ ਆਫ਼ ਐੱਮੀਨੈਂਸ ਫ਼ੀਲਖ਼ਾਨਾ ਵਿਖੇ ਗਣਤੰਤਰ ਦਿਵਸ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਸਕੂਲ ਆਫ਼ ਐੱਮੀਨੈਂਸ ਫ਼ੀਲਖ਼ਾਨਾ, ਪਟਿਆਲਾ ਵਿਖੇ 77 ਵਾਂ ਗਣਤੰਤਰ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ-45 ਦੇ ਕੌਂਸਲਰ ਮੀਨਾ ਦੇਵੀ ਡਾਬੀ ਨੇ ਸਕੂਲ ਦੇ ਸਟੇਟ ਅਵਾਰਡੀ ਪਿ੍ੰਸੀਪਲ ਰਜਨੀਸ਼ ਗੁਪਤਾ ਦੇ ਸੱਦੇ 'ਤੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਲੈਕਚਰਾਰ ਬਲਵਿੰਦਰ ਕੌਰ ਵੀ ਨਾਲ ਸਨ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸੰਗੀਤ ਅਧਿਆਪਕ ਪਰਗਟ ਸਿੰਘ ਦੀ ਅਗਵਾਈ ਵਿਚ ਰਾਸ਼ਟਰੀ ਗਾਣ ਪੇਸ਼ ਕੀਤਾ | ਸ਼੍ਰੀਮਤੀ ਮੀਨਾ ਦੇਵੀ ਡਾਬੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ 'ਤੇ ਸਕੂਲ ਦੇ ਸੀਨੀਅਰ ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ ਨੇ ਆਏ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫਸਰ ਮਨੋਜ ਥਾਪਰ ਨੇ ਕਿਹਾ ਕਿ ਸਾਡਾ ਸੰਵਿਧਾਨ ਹੀ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੀ ਅਸਲ ਤਾਕਤ ਹੈ ਤੇ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ 'ਤੇ ਚਲਣਾ ਚਾਹੀਦਾ ਹੈ | ਇਸ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ ਵਲੋਂ ਅਤੇ ਸਟੇਜ ਦੀ ਸਜਾਵਟ ਅਤੇ ਸਮੁੱਚੇ ਸਟੇਜ ਪ੍ਰਬੰਧਾ ਦੀ ਜ਼ਿੰਮੇਵਾਰੀ ਮਨਦੀਪ ਕੁਮਾਰ ਕਨੌਜੀਆ ਡੀ.ਪੀ.ਈ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ |
ਦਾ ਸਟੈਮਫੀਲਡਜ਼ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਦਾ ਸਟੈਮਫੀਲਡਜ਼ ਇੰਟਰਨੈਸ਼ਨਲ ਸਕੂਲ ਬਲਬੇੜਾ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ ਨੂੰ ਤਿਰੰਗੇ ਝੰਡਿਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਮਨਦੀਪ ਕੌਰ ਵਿਰਕ ਵਲੋਂ ਅਦਾ ਕੀਤੀ ਗਈ | ਝੰਡਾ ਲਹਿਰਾਉਣ ਉਪਰੰਤ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਅਤੇ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਉਪਰੰਤ ਵਿਦਿਆਰਥੀਆਂ ਵਲੋਂ ਦੇਸ਼ਭਗਤੀ ਦੇ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ | ਸਕੂਲ ਪਿ੍ੰਸੀਪਲ ਮਨਦੀਪ ਕੌਰ ਵਿਰਕ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ ਅਤੇ ਮਿਹਨਤ ਦੇ ਰਾਹ 'ਤੇ ਚੱਲ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |
ਨਗਰ ਨਿਗਮ ਵਲੋਂ ਮਨਾਇਆ ਗਿਆ 77ਵਾਂ ਗਣਤੰਤਰ ਦਿਵਸ
ਪਟਿਆਲਾ, (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ, ਦੇਸ਼-ਭਗਤੀ ਅਤੇ ਗੌਰਵ ਨਾਲ ਮਨਾਇਆ ਗਿਆ | ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵਲੋਂ ਨਗਰ ਨਿਗਮ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ | ਤਿਰੰਗਾ ਝੰਡਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ, ਜਿਸ ਦੌਰਾਨ ਪੂਰਾ ਪੰਡਾਲ ਦੇਸ਼ ਭਗਤੀ ਦੇ ਜਜ਼ਬੇ ਨਾਲ ਗੂੰਜ ਉੱਠਿਆ | ਮੇਅਰ ਕੁੰਦਨ ਗੋਗੀਆ ਨੇ ਆਪਣੇ ਸ਼ੁਰੂਆਤੀ ਭਾਸ਼ਣ ਦੌਰਾਨ ਕਿਹਾ ਕਿ ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਦੇਸ਼ ਇਕ ਗਣਤੰਤਰ ਰਾਸ਼ਟਰ ਬਣਿਆ | ਸੰਵਿਧਾਨ ਸਾਨੂੰ ਅਧਿਕਾਰਾਂ ਦੇ ਨਾਲ-ਨਾਲ ਕਰਤਬਾਂ ਦੀ ਵੀ ਯਾਦ ਦਿਵਾਉਂਦਾ ਹੈ ਅਤੇ ਬਰÉਾਬਰੀ, ਆਜ਼ਾਦੀ ਤੇ ਨਿਆਂ ਦੇ ਮੂਲ ਮੰਤਰਾਂ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ | ਨਗਰ ਨਿਗਮ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਬੁਨਿਆਦੀ ਢਾਂਚੇ, ਸਫ਼ਾਈ, ਸੀਵਰੇਜ, ਸੜਕਾਂ, ਪਾਰਕਾਂ ਅਤੇ ਨਾਗਰਿਕ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਮੇਅਰ ਅਤੇ ਕਮਿਸ਼ਨਰ ਵਲੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸ਼ਾਨਦਾਰ ਪੇਸ਼ਕਾਰੀਆਂ ਲਈ ਸਨਮਾਨਿਤ ਕੀਤਾ ਗਿਆ | ਪਰੇਡ ਦੀ ਕਮਾਂਡ ਸੰਭਾਲਣ ਵਾਲੇ ਏ.ਐੱਸ.ਆਈ. ਕਰਮਜੀਤ ਸਿੰਘ, ਪੁਲਿਸ ਪਾਰਟੀ ਦੇ ਇੰਚਾਰਜ ਐੱਸ.ਆਈ. ਭਗਵਾਨ ਸਿੰਘ ਲਾਡੀ ਅਤੇ ਫਾਇਰ ਸ਼ਾਖਾ ਦੇ ਏ.ਡੀ.ਐਫ.ਓ. ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਭੇਟ ਕਰਕੇ ਨਿਵਾਜਿਆ ਗਿਆ | ਇਸ ਦੇ ਨਾਲ ਹੀ ਬਾਗ਼ਬਾਨੀ ਅਤੇ ਹੈਲਥ ਸ਼ਾਖਾ ਦੀਆਂ ਟੀਮਾਂ ਨੂੰ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਮੇਅਰ ਅਤੇ ਕਮਿਸ਼ਨਰ ਵਲੋਂ ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁਲ ਮਾਲਾਵਾਂ ਅਰਪਣ ਕਰਕੇ ਸ਼ਰਧਾਂਜਲੀ ਦਿੱਤੀ ਗਈ |
ਜੀ.ਬੀ.ਆਈ. ਸਕੂਲ 'ਚ ਮਨਾਇਆ ਗਣਤੰਤਰ ਦਿਵਸ
ਨਾਭਾ, (ਕਰਮਜੀਤ ਸਿੰਘ)-ਨਾਭਾ ਸਥਿਤ ਜੀ.ਬੀ. ਇੰਟਰਨੈਸ਼ਨਲ ਸਕੂਲ ਵਿਚ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ, ਖੁਸ਼ੀ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਵਲੋਂ ਰਾਸ਼ਟਰੀ ਝੰਡਾ ਫਹਿਰਾਉਣ ਅਤੇ ਸਲਾਮੀ ਦੇਣ ਨਾਲ ਹੋਈ | ਇਸ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ | ਪ੍ਰੋਗਰਾਮ ਦੌਰਾਨ ਵੱਖ-ਵੱਖ ਸਦਨਾਂ ਦੇ ਵਿਦਿਆਰਥੀਆਂ ਨੇ ਅਨੁਸ਼ਾਸਨਬੱਧ ਮਾਰਚ ਪਾਸਟ ਕਰਦਿਆਂ ਏਕਤਾ, ਆਤਮ-ਵਿਸ਼ਵਾਸ ਅਤੇ ਦੇਸ਼-ਪ੍ਰੇਮ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰੇ ਗੀਤ, ਭਾਸ਼ਣ, ਨਿ੍ਤ ਅਤੇ ਸੰਸਕਿ੍ਤਿਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਕੀਤੀ ਗਈ ਲਾਈਵ ਪੇਂਟਿੰਗ ਸਮਾਰੋਹ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ |
ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਨਾਂਹੇੜੀ ਵਿਖੇ ਗਣਤੰਤਰ ਦਿਵਸ ਮਨਾਇਆ
ਨਾਭਾ, (ਕਰਮਜੀਤ ਸਿੰਘ)-ਭਾਰਤ ਦਾ ਪ੍ਰਸਿੱਧ ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ ਸਕੂਲ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਚੱਢਾ ਅਤੇ ਪਿ੍ੰਸੀਪਲ ਸਤਵਿੰਦਰ ਪ੍ਰੀਤ ਵਲੋਂ ਝੰਡੇ ਅਤੇ ਰਾਸ਼ਟਰੀ ਗਾਣ ਦੀ ਰਸਮ ਅਦਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਗਈ, ਸਕੂਲ ਬੱਚਿਆਂ ਵਲੋਂ ਬਹੁਤ ਹੀ ਸੋਹਣੇ ਢੰਗ ਨਾਲ ਵੱਖ-ਵੱਖ ਗਤੀਵਿਧੀਆਂ ਜਿਵੇਂ ਭਾਸ਼ਣ ਕਵਿਤਾ ਅਤੇ ਆਪਣੇ ਦੇਸ਼ ਨੂੰ ਪਿਆਰ ਕਰਨ ਅਤੇ ਇਸ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਗੀਤਾਂ ਦੇ ਜਰੀਏ ਭੂਮਿਕਾ ਨਿਭਾਈ ਗਈ | ਅੰਤ ਸਕੂਲ ਡਾਇਰੈਕਟਰ ਅਤੇ ਪਿ੍ੰਸੀਪਲ ਵਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਆਪਣੇ ਸਟਾਫ਼ ਅਤੇ ਬੱਚਿਆਂ ਨੂੰ ਦੇਸ਼ ਪ੍ਰਤੀ ਪਿਆਰ ਕਰਨ ਲਈ ਇਸ ਦੀ ਸ਼ਾਨ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ |
ਜੱਜ ਮਾਡਰਨ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ ਵਿਚ 77ਵਾਂ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ, ਦੇਸ਼-ਭਗਤੀ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਤਿਰੰਗੇ ਗ਼ੁਬਾਰਿਆਂ ਅਤੇ ਦੇਸ਼-ਭਗਤੀ ਦੇ ਨਾਅਰਿਆਂ ਨਾਲ ਸੁਸ਼ੋਭਿਤ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਗਈ | ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ | ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਗੀਤ, ਕਵਿਤਾਵਾਂ, ਭਾਸ਼ਣ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਪਿ੍ੰਸੀਪਲ ਨਵਤੇਜ ਸਿੰਘ ਨੇ ਆਪਣੇ ਸੰਬੋਧਨ ਵਿਚ ਸੰਵਿਧਾਨ ਦੀ ਮਹੱਤਤਾ, ਦੇਸ਼ ਦੀ ਏਕਤਾ ਅਤੇ ਅਨੁਸ਼ਾਸਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ | ਇਹ ਸਮਾਰੋਹ ਦੇਸ਼-ਭਗਤੀ ਦੀ ਭਾਵਨਾ ਨਾਲ ਭਰਪੂਰ ਅਤੇ ਯਾਦਗਾਰ ਰਿਹਾ |
ਸਕੂਲ ਆਫ਼ ਐੱਮੀਨੈਂਸ ਬਨੂੜ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ
ਬਨੂੜ, (ਭੁਪਿੰਦਰ ਸਿੰਘ)-ਸਾਬਕਾ ਸੈਨਿਕਵੈੱਲਫੇਅਰ ਕਮੇਟੀ ਬਨੂੜ ਅਤੇ ਸਾਬਕਾ ਸੈਨਿਕ ਕ੍ਰਾਤੀਕਾਰੀ ਯੂਨੀਅਨ ਪੰਜਾਬ ਇਕਾਈ ਰਾਜਪੁਰਾ ਨੇ ਮਿਲ ਕੇ ਪਿ੍ੰਸੀਪਲ ਮੈਡਮ ਸਕੂਲ ਆਫ਼ ਐੱਮੀਨੈਂਸ ਬਨੂੜ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਸਕੂਲ ਵਿਖੇ ਮਨਾਇਆ ਗਿਆ | ਇਸ ਮੌਕੇ 'ਤੇ ਸਾਬਕਾ ਸੈਨਿਕ ਕ੍ਰਾਤੀਕਾਰੀ ਯੂਨੀਅਨ ਪੰਜਾਬ ਦੇ ਸੂਬਾਈ ਚੇਅਰਮੈਨ ਵੈਟਰਨ ਹਰਚੰਦ ਸਿੰਘ ਨਲਾਸ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਕੌਮੀ ਤਿਰੰਗੇ ਝੰਡੇ ਲਹਿਰਾਉਣ ਦੀ ਰਸਮ ਹਰਚੰਦ ਸਿੰਘ ਨਲਾਸ ਨੇ ਰਾਸ਼ਟਰੀ ਗਾਨ ਨਾਲ ਅਦਾ ਕੀਤੀ | ਉਪਰੰਤ ਉਨ੍ਹਾਂ ਨੇ ਦੇਸ਼ ਵਾਸੀਆ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ 'ਤੇ ਨਾਟਕ ਪੇਸ਼ ਕੀਤੇ ਗਏ | ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਬਨੂੜ ਦੇ ਪ੍ਰਧਾਨ ਵੈਟਰਨ ਪ੍ਰੇਮ ਸਿੰਘ ਬਨੂੜ ਅਤੇ ਸ.ਸ.ਕ.ਯ. ਪੰਜਾਬ ਇਕਾਈ ਰਾਜਪੁਰਾ ਦੇ ਪ੍ਰਧਾਨ ਵੈਟਰਨ ਰਣਜੀਤ ਸਿੰਘ ਖਰੋਲਾ, ਵੈਟਰਨ ਮੇਜਰ ਸਿੰਘ ਕਰਾਲੀ ਜਨਰਲ ਸਕੱਤਰ, ਵੈਟਰਨ ਅਮਰਜੀਤ ਸਿੰਘ ਬਨੂੜ ਕੈਸ਼ੀਅਰ ਅਤੇ ਵੈਟਰਨ ਬੰਤ ਸਿੰਘ ਬਨੂੜ, ਜਨਰਲ ਸਕੱਤਰ ਵੈਟਰਨ ਜਰਨੈਲ ਸਿੰਘ ਖਰੋਲਾ, ਵੈਟਰਨ ਕਰਮ ਸਿੰਘ ਰਾਜਪੁਰਾ ਕੈਸ਼ੀਅਰ, ਵੈਟਰਨ ਕੁਲਦੀਪ ਸਿੰਘ ਦੁਬਾਲੀ, ਵੈਟਰਨ ਗੁਰਦਾਸ ਸਿੰਘ ਘੜਾਮਾ, ਵੈਟਰਨ ਧਰਮ ਸਿੰਘ ਘੜਾਮਾ ਅਤੇ ਉਪਰੋਕਤ ਹਲਕਿਆਂ ਦੇ ਵੈਟਰਨ ਅਤੇ ਵੀਰ ਨਾਰੀ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ | ਉਪਰੰਤ ਪਿ੍ੰਸੀਪਲ ਮੈਡਮ ਸਕੂਲ ਆਫ਼ ਐੱਮੀਨੈਂਸ ਬਨੂੜ ਨੇ ਮੁੱਖ ਮਹਿਮਾਨ ਵੈਟਰਨ ਹਰਚੰਦ ਸਿੰਘ ਨਲਾਸ, ਸਾਬਕਾ ਸੈਨਿਕਾਂ ਅਤੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਯੂਨੀਵਰਸਲ ਕਾਲਜ ਪਾਤੜਾਂ ਵਿਖੇ ਗਣਤੰਤਰ ਦਿਵਸ ਮਨਾਇਆ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ)-ਗਣਤੰਤਰ ਦਿਵਸ ਦੇ ਮੌਕੇ 'ਤੇ ਯੂਨੀਵਰਸਲ ਕਾਲਜ ਪਾਤੜਾਂ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ | ਇਸ ਮੌਕੇ 'ਤੇ ਐੱਨ.ਸੀ.ਸੀ ਤੇ ਐੱਨ.ਐੱਸ.ਐੱਸ. ਯੂਨਿਟਾਂ ਦੇ ਵਿਦਿਆਰਥੀਆਂ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਰਾਸ਼ਟਰੀ ਗੀਤ ਗਾਇਆ ਗਿਆ | ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਕਾਲਜ ਦੇ ਵਾਇਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ ਨੇ ਇਸ ਮੌਕੇ 'ਤੇ ਲੋਕਤੰਤਰ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆ ਦੇ ਸਰਵਉੱਤਮ ਸੰਵਿਧਾਨਾਂ ਵਿਚੋਂ ਇਕ ਹੈ | ਇਸ ਇਤਿਹਾਸਿਕ ਦਿਹਾੜੇ ਦੀ ਖ਼ੁਸ਼ੀ ਨੂੰ ਮੁੱਖ ਰੱਖਦੇ ਹੋਏ ਕਾਲਜ ਵਲੋਂ ਲੱਡੂ ਵੰਡੇ ਗਏ | ਕਾਲਜ ਦੇ ਡਾਇਰੈਕਟਰ ਡਾ. ਅਮਰੀਸ਼ ਧਵਨ ਅਤੇ ਕਾਲਜ ਦੇ ਪਿ੍ੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਜਿਸ ਤੋਂ ਬਾਅਦ ਭਾਰਤ ਗਣਤੰਤਰ ਦੇਸ਼ ਬਣ ਗਿਆ | ਭਾਰਤ ਦੇ ਸੁਤੰਤਰ ਸੈਨਾਨੀਆਂ ਨੇ ਸਖ਼ਤ ਮਿਹਨਤ ਤੇ ਸੰਘਰਸ਼ ਨਾਲ ਭਾਰਤ ਨੂੰ ਪੂਰਨ ਸਵਰਾਜ ਦਿਵਾਇਆ ਹੈ | ਭਾਰਤੀ ਨਾਗਰਿਕ ਇਸ ਦਿਨ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਨਾਉਂਦੇ ਹਨ |
ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗ ਬੰਨਿ੍ਹਆ
ਗਣਤੰਤਰ ਦਿਵਸ ਦੇ ਸਮਾਗਮ ਮੌਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ, ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਵਿਕਟੋਰੀਆ ਸਕੂਲ, ਸਰਕਾਰੀ ਕੰਨਿਆ ਸਕੂਲ ਪੁਰਾਣੀ ਪੁਲਿਸ ਲਾਈਨ, ਸੀਨੀਅਰ ਸੈਕੰਡਰੀ ਸਕੂਲ ਤਿ੍ਪੜੀ ਤੇ ਸਰਕਾਰੀ ਸਕੂਲ ਸਨੌਰੀ ਗੇਟ ਦੀਆਂ ਵਿਦਿਆਰਥਣਾਂ ਦੇਸ਼ ਭਗਤੀ ਦੇ ਗੀਤਾਂ 'ਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀ | ਪੀ.ਟੀ. ਸ਼ੋਅ 'ਚ ਡੀ.ਏ.ਵੀ. ਪਬਲਿਕ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਨਰਾਇਣ ਸਕੂਲ ਅਤੇ ਜੈਮਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਬੁੱਢਾ ਦਲ ਪਬਲਿਕ ਸਕੂਲ ਦੇ ਬੱਚਿਆਂ ਨੇ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦੀ ਪੇਸ਼ਕਾਰੀ ਕੀਤੀ | ਗਿੱਧੇ ਵਿੱਚ ਸਰਕਾਰੀ ਕਾਲਜ ਲੜਕੀਆਂ, ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ, ਸਰਕਾਰੀ ਸਕੂਲ ਮਾਡਲ ਟਾਊਨ, ਸਕੂਲ ਆਫ਼ ਐੱਮੀਨੈਂਸ ਫੀਲਖਾਨਾ ਤੇ ਪੰਜਾਬੀ ਯੂਨੀਵਰਸਿਟੀ ਦੇ ਮਾਡਲ ਸਕੂਲ ਦੀਆਂ ਲੜਕੀਆਂ ਨੇ ਹਿੱਸਾ ਲਿਆ |
ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ 'ਚ 118 ਸਕੂਲਾਂ ਨੂੰ ਸਕੂਲ ਆਫ਼ ਐੱਮੀਨੈਂਸ 'ਚ ਬਦਲਿਆ ਜਾ ਰਿਹਾ ਹੈ ਤੇ ਇਕੱਲੇ ਪਟਿਆਲਾ ਜ਼ਿਲ੍ਹੇ 'ਚ ਹੀ 10 ਐੱਮੀਨੈਂਸ ਸਕੂਲ ਚੱਲ ਰਹੇ ਹਨ ਅਤੇ ਇੱਥੇ ਹੋਲਿਸਟਿਕ ਪਲੈਨ ਅਧੀਨ 8 ਸਕੂਲਾਂ ਨੂੰ 62.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ | ਸਕੂਲ ਆਫ਼ ਬਰਿਲੀਐਂਸ ਅਧੀਨ ਬਾਰਨ ਸਕੂਲ ਨੂੰ 82.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ | ਇਸੇ ਤਰ੍ਹਾਂ ਪਟਿਆਲਾ ਦੇ 21 ਗਰੀਨ ਸਕੂਲਾਂ ਨੂੰ ਸਨਮਾਨਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀ ਸੇਵਾ ਸ਼ੁਰੂ ਕੀਤੀ ਹੈ |
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
ਅਜੀਤ ਡੈਸਕ
28-01-2026