ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)-ਅੰਮਿ੍ਤਪੁਰ, ਰਾਜੇਵਾਲ, ਮੁੰਡੀ ਛੰਨਾ ਦੀਆਂ ਪੰਚਾਇਤਾਂ, ਡੈਮੋਕਰੈਟਿਕ ਟੀਚਰ ਫ਼ਰੰਟ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਰਕਾਰੀ ਹਾਈ ਸਕੂਲ ਅੰਮਿ੍ਤਪੁਰ-ਰਾਜੇਵਾਲ ਦੇ ਇਕ ਅਧਿਆਪਕ ਸੁਰਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਦਫ਼ਤਰ ਮੂਹਰੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਧਰਨਾ ਦਿੱਤਾ ਗਿਆ | ਰੋਹ ਵਿਚ ਆਏ ਧਰਨਾਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਅੰਮਿ੍ਤਪੁਰ ਰਾਜੇਵਾਲ ਸਕੂਲ ਦੀ ਮੁੱਖ ਅਧਿਆਪਕਾ ਤੇ ਸਿੱਖਿਆ ਦਫ਼ਤਰ ਦੇ ਦਫ਼ਤਰੀ ਸਟਾਫ਼ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕ ਸੁਰਿੰਦਰ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਦੀ ਹੋਵੇਗੀ | ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਪਿੰਡ ਰਾਜੇਵਾਲ ਦੇ ਸਰਪੰਚ ਬਲਵੰਤ ਸਿੰਘ, ਅੰਮਿ੍ਤਪੁਰ ਦੇ ਸਰਪੰਚ ਸ਼ਿੰਗਾਰਾ ਸਿੰਘ, ਮੁੰਡੀ ਛੰਨਾ ਦੀ ਸਰਪੰਚ ਬੀਬੀ ਪਰਮਜੀਤ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇ ਮੱਲ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੁਖਤਿਆਰ ਸਿੰਘ ਮੁੰਡੀ ਛੰਨਾ, ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਰਸ਼ਪਾਲ ਸਿੰਘ ਵੜੈਚ, ਡੀ.ਟੀ.ਐਫ. ਦੇ ਆਗੂ ਜੈਮਲ ਸਿੰਘ, ਤਜਿੰਦਰ ਸਿੰਘ ਅਲੌਦੀਪੁਰ, ਨਰਿੰਦਰ ਸਿੰਘ ਔਜਲਾ ਤੇ ਹੋਰ ਆਗੂਆਂ ਨੇ ਕਿਹਾ ਕਿ ਬੀਤੀ 12 ਦਸੰਬਰ ਤੋਂ ਅੰਮਿ੍ਤਪੁਰ-ਰਾਜੇਵਾਲ ਸਕੂਲ ਦੇ ਗਣਿਤ ਅਧਿਆਪਕ ਨੂੰ ਸਕੂਲ ਮੁਖੀ ਵਲੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਡਿਊਟੀ 'ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ | ਸਬੰਧਿਤ ਅਧਿਆਪਕ ਦੇ ਨਿਰੰਤਰ ਡਿਊਟੀ 'ਤੇ ਆਉਣ ਦੇ ਬਾਵਜੂਦ ਵੀ ਸਕੂਲ ਮੁਖੀ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਸ ਮਾਮਲੇ ਦਾ ਨਿਪਟਾਰਾ ਕਰਨ ਦੀ ਬਜਾਏ, ਇਸ ਨੂੰ ਲਗਾਤਾਰ ਲਟਕਾਇਆ ਗਿਆ, ਜਿਸ ਦੇ ਰੋਸ ਵਜੋਂ 3 ਪਿੰਡਾਂ ਦੀਆਂ ਪੰਚਾਇਤਾਂ ਤੇ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਆਗੂਆਂ ਨੇ ਇਸ ਮਾਮਲੇ ਸਬੰਧੀ ਸਕੂਲ ਮੁਖੀ ਨੂੰ ਮਿਲ ਕੇ ਸਬੰਧਿਤ ਅਧਿਆਪਕ ਦੇ ਡਿਊਟੀ 'ਤੇ ਹਾਜ਼ਰ ਕਰਵਾਉਣ ਸਬੰਧੀ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ, ਉਲਟਾ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਕਰਦਾ ਵਿਅਕਤੀਆਂ ਨਾਲ ਕਥਿਤ ਤੌਰ 'ਤੇ ਮਾੜਾ ਵਿਵਹਾਰ ਕੀਤਾ ਤੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਜਾ ਕੇ ਲਿਖਤੀ ਰੂਪ ਵਿਚ ਲਿਆਓ ਤਾਂ ਹੀ ਮੈਂ ਅਧਿਆਪਕ ਨੂੰ ਸਕੂਲ ਵਿਚ ਹਾਜ਼ਰੀ ਲਗਵਾਉਣ ਦੇਵਾਂਗੀ | ਸਕੂਲ ਮੁਖੀ ਦੇ ਇਸ ਵਤੀਰੇ ਤੋਂ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਮੂਹਰੇ ਧਰਨਾ ਦੇ ਕੇ ਸਕੂਲ ਮੁਖੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਧਰਨੇ ਦੀ ਭਿਣਕ ਪੈਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਨੇ ਇਸ ਮਾਮਲੇ ਦੀ ਬਿਨ੍ਹਾਂ ਕਿਸੇ ਪੜਤਾਲ ਦੇ ਅਗਲੇਰੀ ਕਾਰਵਾਈ ਲਈ ਕੇਸ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਭੇਜ ਦਿੱਤਾ | ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿਚ ਸ਼ਾਮਲ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਪੀੜਤ ਅਧਿਆਪਕ ਸੁਰਿੰਦਰ ਸਿੰਘ ਨੂੰ ਸਕੂਲ ਵਿਚ ਹਾਜ਼ਰ ਕਰਵਾਇਆ ਜਾਵੇ ਤੇ ਇਸ ਕੇਸ ਨੂੰ ਜਾਣਬੁੱਝ ਕੇ ਲਟਕਾਉਣ ਵਾਲੇ ਸਿੱਖਿਆ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤੇ ਦਫ਼ਤਰ ਵਿਚ ਅਣਅਧਿਕਾਰਤ ਤੌਰ 'ਤੇ ਬੈਠੇ ਇਕ ਕੰਪਿਊਟਰ ਅਧਿਆਪਕ ਨੂੰ ਤੁਰੰਤ ਫਾਰਗ ਕਰਕੇ ਉਸ ਦੇ ਸਕੂਲ ਭੇਜਿਆ ਜਾਵੇ | ਇਸੇ ਦੌਰਾਨ ਹੀ ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ ਤੇ ਥਾਣਾ ਸਦਰ ਦੀ ਐਸ.ਐਚ.ਓ. ਪ੍ਰਭਜੋਤ ਕੌਰ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਨਾਇਬ ਤਹਿਸੀਲਦਾਰ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ 31 ਜਨਵਰੀ ਨੂੰ ਡਿਊਟੀ 'ਤੇ ਪਰਤਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਮਿ੍ਤਪੁਰ-ਰਾਜੇਵਾਲ ਸਕੂਲ ਵਿਚ ਜਾਣਗੇ ਤੇ ਉੱਥੇ ਸਕੂਲ ਮੁਖੀ ਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਮੌਜੂਦਗੀ ਵਿਚ ਗੱਲਬਾਤ ਉਪਰੰਤ ਇਸ ਮਾਮਲੇ ਦਾ ਨਿਪਟਾਰਾ ਕਰਵਾਉਣਗੇ | ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ | ਧਰਨੇ ਵਿਚ 4161 ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਸੰਦੀਪ ਸਿੰਘ ਗਿੱਲ, ਐਲੀਮੈਂਟਰੀ ਟੀਚਰ ਯੂਨੀਅਨ ਦੇ ਆਗੂ ਜਸਪਾਲ ਸਿੰਘ ਬਾਠ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਰਮ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਅੰਮਿ੍ਤਪੁਰ ਰਾਜੇਵਾਲ ਸਕੂਲ ਦੀ ਐਸ.ਐਮ.ਸੀ. ਦੇ ਚੇਅਰਮੈਨ ਗੁਰਮੇਜ ਸਿੰਘ, ਅਧਿਆਪਕ ਆਗੂ ਗੁਰਮੁਖ ਲੋਕ ਪੇ੍ਰਮੀ, ਮਲਕੀਤ ਸਿੰਘ, ਅਵਤਾਰ ਸਿੰਘ ਗਿੱਲ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਪਵਨ ਕੁਮਾਰ, ਰੋਹਿਤ ਸ਼ਰਮਾ, ਬਲਵਿੰਦਰ ਭੰਡਾਲ, ਬਲਵੀਰ ਸਿੰਘ, ਗੁਰਦੀਪ ਧੰਮ, ਨਰਿੰਦਰ ਭੰਡਾਰੀ, ਗੌਰਵ ਗਿੱਲ, ਵੀਨੂੰ ਸੇਖੜੀ, ਅਮਨਪ੍ਰੀਤ ਕੌਰ, ਹਰਵਿੰਦਰ ਵਿਰਦੀ, ਸੁਰਿੰਦਰਪਾਲ ਸਿੰਘ, ਸੁਖਦਰਸ਼ਨ ਸਿੰਘ, ਨੱਥਾ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਬੱਗਾ ਸਿੰਘ ਆਦਿ ਤੋਂ ਇਲਾਵਾ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਮੈਂਬਰ, ਪਿੰਡਾਂ ਦੀਆਂ ਬੀਬੀਆਂ, ਸਕੂਲ ਦੇ ਬੱਚੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ |