ਕਪੂਰਥਲਾ, 27 ਜਨਵਰੀ (ਸਡਾਨਾ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰੀ ਬੈਂਕ ਕਰਮਚਾਰੀ ਯੂਨੀਅਨ ਵਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦਾ ਕਪੂਰਥਲਾ ਵਿਖੇ ਵੀ ਭਰਪੂਰ ਅਸਰ ਦੇਖਣ ਨੂੰ ਮਿਲਿਆ | ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਤਕਰੀਬਨ ਸਾਰੇ ਸਰਕਾਰੀ ਬੈਂਕ ਬੰਦ ਰਹੇ, ਜਦਕਿ ਇੱਕਾ ਦੁੱਕਾ ਬੈਂਕਾਂ ਵਿਚ ਕੁਝ ਕਰਮਚਾਰੀ ਕੰਮ ਕਰਦੇ ਵੀ ਨਜ਼ਰ ਆਏ | ਬੈਂਕ ਕਰਮਚਾਰੀ ਇਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਯੂਨੀਅਨ ਨਾਲ ਪਹਿਲਾਂ ਹੋਏ ਸਮਝੌਤੇ ਤਹਿਤ ਹਫ਼ਤੇ ਵਿਚ ਸਿਰਫ਼ ਪੰਜ ਦਿਨ ਕੰਮ ਦੇ ਰੱਖੇ ਜਾਣ, ਜਦਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਕੀਤੀ ਜਾਵੇ | ਬੈਂਕ ਕਰਮਚਾਰੀਆਂ ਨੇ ਆਪਣੀਆਂ ਤਨਖ਼ਾਹਾਂ ਕਟਾ ਕੇ ਸਮੂਹਿਕ ਛੁੱਟੀ ਲਈ ਤੇ ਅੱਜ ਦੀ ਹੜਤਾਲ ਨੂੰ ਸਫ਼ਲ ਬਣਾਇਆ | ਯੂਨੀਅਨ ਦੇ ਸੱਦੇ 'ਤੇ ਇਸ ਹੜਤਾਲ ਦਾ ਕਾਫ਼ੀ ਅਸਰ ਰਿਹਾ ਤੇ ਬੈਂਕ ਬੰਦ ਹੋਣ ਕਾਰਨ ਕਰੋੜਾਂ ਰੁਪਏ ਦਾ ਲੈਣ ਦੇਣ ਵੀ ਪ੍ਰਭਾਵਿਤ ਹੋਇਆ | ਬੈਂਕ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ |