ਨਾਭਾ, 27 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪਿਛਲੀ ਦੇਰ ਸ਼ਾਮ ਨਾਭਾ ਦੇ ਮੈਹਸ ਗੇਟ ਸਥਿਤ ਕੁੱਝ ਨੌਜਵਾਨਾਂ ਵਲੋਂ ਹੌਲਦਾਰ ਅਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਭਰਾ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਸੀ ਜੋ ਕਿ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ | ਬਾਅਦ ਦੁਪਹਿਰ ਜ਼ਿਲ੍ਹਾ ਪੁਲਿਸ ਮੁਖੀ, ਡੀ.ਸੀ. ਪਟਿਆਲਾ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਉਪਰੰਤ ਪਰਿਵਾਰ ਵਲੋਂ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਸਥਾਨਕ ਅਲਹੌਰਾਂ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ | ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਨੂੰ ਸ਼ੋਕ ਸਲਾਮੀ ਦਿੱਤੀ ਗਈ ਅਤੇ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਦੇ ਨਿੱਕੀ ਉਮਰ ਦੇ ਬੇਟੇ ਅਤੇ ਪਿਤਾ ਵਲੋਂ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਦੀ ਦੇਹ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਦੋਸਤਾਂ ਮਿੱਤਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ | ਅੰਤਿਮ ਸੰਸਕਾਰ ਮੌਕੇ ਜਦੋਂ ਮਿ੍ਤਕ ਹੌਲਦਾਰ ਅਮਨਦੀਪ ਸਿੰਘ ਦਾ ਨਿੱਕਾ ਜਿਹਾ ਪੁੱਤਰ ਆਪਣੇ ਪਿਤਾ ਨੂੰ ਅਗਨੀ ਭੇਟ ਕਰ ਰਿਹਾ ਸੀ ਤਾਂ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਨਜ਼ਰ ਆ ਰਹੀ ਸੀ | ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ, 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ, ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸਭਰਵਾਲ, ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਸਮਾਜ ਸੇਵੀ ਪੰਕਜ ਪੱਪੂ ਸਟੀਲ, ਗੁਰਸੇਵਕ ਸਿੰਘ ਗੋਲੂ, ਯਾਦਵਿੰਦਰ ਸਿੰਘ ਯਾਦੂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ |