ਪੰਜਾਬੀ ਯੂਨੀਵਰਸਿਟੀ ਵਿਖੇ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਸੰਪੰਨ
ਅਜੀਤ ਡੈਸਕ
31-01-2026
ਪਟਿਆਲਾ, 30 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਈ ਗਈ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਉਚੇਰੀ ਸਿੱਖਿਆ ਲਈ ਪੰਜਾਬੀ ਵਿਚ ਪਾਠ ਸਮਗਰੀ ਤਿਆਰ ਕਰਨ ਦੇ ਅਹਿਦ ਨਾਲ ਸੰਪੰਨ ਹੋ ਗਈ | 'ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ : ਸਮੱਸਿਆਵਾਂ ਅਤੇ ਸਮਾਧਾਨ' ਵਿਸ਼ੇ ਉੱਤੇ ਤਿੰਨ ਦਿਨ ਚੱਲੀ ਇਸ ਕਾਨਫ਼ਰੰਸ ਵਿਚ ਵਿਗਿਆਨ, ਸਮਾਜ-ਵਿਗਿਆਨ, ਕਲਾ, ਸਾਹਿਤ, ਭਾਸ਼ਾ, ਇੰਜੀਨੀਅਰਿੰਗ, ਕੰਪਿਊਟਰ ਗਿਆਨ ਆਦਿ ਵਿਸ਼ਿਆਂ ਨਾਲ਼ ਸੰਬੰਧਿਤ 43 ਖੋਜ ਪੱਤਰ ਪੇਸ਼ ਹੋਏ | ਵਿਦਾਇਗੀ ਸਮਾਗਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਤਿੰਨ ਦਿਨਾਂ ਕਾਨਫ਼ਰੰਸ ਉਪਰੰਤ ਇਹ ਜ਼ਰੂਰੀ ਹੈ ਕਿ ਉਚੇਰੀ ਸਿੱਖਿਆ ਜੇਕਰ ਪੰਜਾਬੀ ਮਾਧਿਅਮ ਵਿਚ ਕਰਵਾਉਣੀ ਹੈ ਤਾਂ ਇਸ ਲਈ ਸਾਨੂੰ ਪਾਠਕਾਂ ਦੇ ਪੱਧਰਾਂ ਨੂੰ ਧਿਆਨ ਵਿਚ ਰੱਖ ਕੇ ਪਾਠ-ਸਮੱਗਰੀ ਤਿਆਰ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬੀ ਯੂਨੀਵਰਸਿਟੀ ਪਹਿਲਤਾ ਦੇ ਆਧਾਰ 'ਤੇ ਕੰਮ ਕਰੇਗੀ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਇਸ ਬਾਰੇ ਵੀ ਯੋਜਨਾ ਬਣਾ ਰਹੀ ਹੈ ਕਿ ਵੱਖ-ਵੱਖ ਅਨੁਸ਼ਾਸਨਾਂ ਵਿਚ ਹੋਣ ਵਾਲੀਆਂ ਖੋਜਾਂ ਨੂੰ ਦੁਨੀਆਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬੀ ਯੂਨੀਵਰਸਿਟੀ ਵਿਚ ਕਿਸ ਤਰ੍ਹਾਂ ਦੇ ਕਾਰਜ ਹੋ ਰਹੇ ਹਨ | ਵਿਦਾਇਗੀ ਸਮਾਗਮ ਵਿਚ ਡਾ. ਰਵੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾਈ ਕੱਟੜਤਾ ਨੂੰ ਛੱਡ ਕੇ ਹੀ ਕੋਈ ਭਾਸ਼ਾ ਵਿਕਾਸ ਕਰ ਸਕਦੀ ਹੈ | ਡਾ. ਸਤੀਸ਼ ਕੁਮਾਰ ਵਰਮਾ ਨੇ ਵਿਦਾਇਗੀ ਭਾਸ਼ਣ ਵਿਚ ਭਾਸ਼ਾਈ ਵਿਰਾਸਤ ਬਾਰੇ ਕਿਹਾ ਕਿ ਪੰਜਾਬੀਆਂ ਕੋਲ ਇਕ ਅਮੀਰ ਪਰੰਪਰਾ ਹੈ ਅਤੇ ਇਸ ਨੂੰ ਦੁਨੀਆ ਤੱਕ ਲੈ ਕੇ ਜਾਣ ਦੀ ਲੋੜ ਹੈ | ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ | ਕਾਨਫ਼ਰੰਸ ਦੀ ਰਿਪੋਰਟ ਡਾ. ਰਾਜਵੰਤ ਕੌਰ ਪੰਜਾਬੀ ਨੇ ਪੇਸ਼ ਕੀਤੀ | ਇਸ ਮੌਕੇ ਪ੍ਰੋ. ਕਿਰਪਾਲ ਕਜ਼ਾਕ, ਡਾ. ਰਾਜਿੰਦਰ ਲਹਿਰੀ, ਡਾ. ਜਸਬੀਰ ਕੌਰ, ਡਾ. ਕਿਰਪਾਲ ਸਿੰਘ ਪੰਨੂ, ਡਾ. ਗੁਰਪ੍ਰੀਤ ਕੌਰ ਬਾਵਾ, ਡਾ. ਹਰਵਿੰਦਰ ਪਾਲ ਕੌਰ, ਡਾ. ਨਿਵੇਦਿਤਾ ਸਿੰਘ ਆਦਿ ਮੌਜੂਦ ਸਨ |