ਪਾਤੜਾਂ, 2 ਫਰਵਰੀ (ਖ਼ਾਲਸਾ)-ਕਿਸਾਨ ਜਥੇਬੰਦੀਆਂ ਵਲੋਂ ਅੱਜ ਹਲਕਾ ਸ਼ੁਤਰਾਣਾ ਦੀਆਂ ਲਿੰਕ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਪਾਤੜਾਂ-ਪਟਿਆਲਾ ਮੁੱਖ ਮਾਰਗ 'ਤੇ ਪਿੰਡ ਦਫਤਰੀਵਾਲਾ ਦੇ ਬੱਸ ਅੱਡੇ ਨੇੜੇ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤੁਰੰਤ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਦੀ ਮੰਗ ਕੀਤੀ | ਕਿਸਾਨ ਆਗੂਆਂ ਹਰਭਜਨ ਸਿੰਘ ਬੁੱਟਰ, ਹਰਭਜਨ ਸਿੰਘ ਧੂਹੜ, ਅਮਰੀਕ ਸਿੰਘ, ਰਾਮਚੰਦ ਚੂਨਾਗਰਾ ਅਤੇ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਲੰਮੇ ਸਮੇਂ ਤੋਂ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ ਅਤੇ ਸੜਕਾਂ 'ਤੇ ਪਏ ਵੱਡੇ-ਵੱਡੇ ਖੱਡਿਆਂ ਕਾਰਨ ਆਮ ਲੋਕਾਂ, ਕਿਸਾਨਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕਾਂ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ | ਧਰਨੇ ਦੌਰਾਨ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕੁੱਝ ਲਿੰਕ ਸੜਕਾਂ 'ਤੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ ਅਤੇ ਬਾਕੀ ਸੜਕਾਂ ਦਾ ਕੰਮ ਫਰਵਰੀ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ | ਪ੍ਰਸ਼ਾਸਨ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਇੱਥੇ ਸਾਹਿਬ ਸਿੰਘ ਦੁਤਾਲ, ਬੀਬੀ ਚਰਨਜੀਤ ਕੌਰ ਧੂਹੜੀਆਂ, ਲਾਭ ਸਿੰਘ ਦੁਗਾਲ, ਜਰਨੈਲ ਸਿੰਘ, ਜਗਤਾਰ ਸਿੰਘ ਧੂਹਰ, ਅੰਮਿ੍ਤਪਾਲ ਸਿੰਘ, ਸਿਮਰਨਜੀਤ ਸਿੰਘ, ਜਲੰਧਰ ਸਿੰਘ ਸ਼ੁਤਰਾਣਾ, ਜਰਨੈਲ ਸਿੰਘ ਬਕਰਾਹਾ, ਸਾਹਿਬ ਸਿੰਘ ਹਰਚੰਦਪੁਰਾ, ਕਮਲਜੀਤ ਘੱਗਾ ਆਦਿ ਹਾਜ਼ਰ ਸਨ |