ਰਾਜਪੁਰਾ, 3 ਫਰਵਰੀ (ਰਣਜੀਤ ਸਿੰਘ)-ਇੱਥੋਂ ਦੀ ਬੂਥ ਮਾਰਕੀਟ 'ਚ ਸਥਿਤ ਸ੍ਰੀ ਗਣੇਸ਼ ਮੰਦਰ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਕਾਰਨ ਮੰਦਰ ਦੀਆਂ ਮੂਰਤੀਆਂ, ਮੰਦਰ 'ਚ ਲੱਗੇ ਬਿਜਲੀ ਦੇ ਪੱਖੇ, ਝੁੰਮਰ ਅਤੇ ਚੜ੍ਹਾਵੇ ਦੇ ਪੈਸੇ ਸੜ ਕੇ ਸਵਾਹ ਹੋ ਗਏ ਹਨ ਭਾਵੇਂ ਕਿ ਅੱਗ ਦੇ ਕਾਰਨਾਂ ਦਾ ਸਹੀ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਾਣਾ ਵਾਪਰਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਸ਼ੰਕਰ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਆਮ ਵਾਂਗ ਰਾਤ 10 ਵਜੇ ਮੰਦਰ ਬੰਦ ਕਰਕੇ ਗਏ ਸਨ | ਜਦੋਂ ਉਨ੍ਹਾਂ ਸਵੇਰੇ ਆਏ ਤਾਂ ਵੇਖਿਆ ਕਿ ਮੰਦਰ ਦੇ ਅੰਦਰ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਭਾਵੇਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਕਾਰਨ ਮੰਦਰ ਦੀਆਂ ਮੂਰਤੀਆਂ, ਬਿਜਲੀ ਦੇ ਪੱਖੇ, ਕੱਚ ਦੇ ਝੁੰਮਰ, ਮੂਰਤੀਆਂ ਦੇ ਪਵਿੱਤਰ ਕੱਪੜੇ ਅਤੇ ਦਾਨ ਦੇ ਪੈਸੇ ਸਭ ਕੁਝ ਸੜ ਕੇ ਸਵਾਹ ਹੋ ਗਿਆ ਹੈ | ਇਸ ਘਟਨਾ ਕਾਰਨ ਪੂਰੇ ਹਲਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ | ਇਸ ਮੰਦਭਾਗੀ ਘਟਨਾ ਕਾਰਨ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ | ਸ਼ੰਕਰ ਅਤੇ ਹੋਰਨਾਂ ਨੇ ਦੱਸਿਆ ਕਿ ਅੱਗ ਦੇ ਸੇਕ ਨਾਲ ਮੂਰਤੀਆਂ ਅਤੇ ਮੰਦਰ 'ਚ ਲੱਗੀਆਂ ਟਾਈਲਾਂ ਵਗ਼ੈਰਾ ਨੂੰ ਵੀ ਨੁਕਸਾਨ ਪੁੱਜਾ ਹੈ | ਇਸ ਮੌਕੇ 'ਤੇ ਖੜੇ੍ਹ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਸਿਰਫ ਆਰਥਿਕ ਤੌਰ 'ਤੇ ਨੁਕਸਾਨ ਨਹੀਂ ਹੋਇਆ ਸਗੋਂ ਉਨ੍ਹਾਂ ਦੀ ਆਸਥਾ ਨੂੰ ਡੂੰਘੀ ਸੱਟ ਵੱਜੀ ਹੈ | ਸ਼ੰਕਰ ਅਤੇ ਹੋਰਨਾਂ ਸ਼ਰਧਾਲੂਆਂ ਦਾ ਦੱਸਣਾ ਹੈ ਕਿ ਇਸ ਅੱਗ ਦੀ ਮੰਦਭਾਗੀ ਘਟਨਾ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮੰਦਰ ਨੂੰ ਬਣੇ ਨੂੰ ਪੰਦਰਾਂ ਸਾਲ ਹੋ ਗਏ ਹਨ ਪਰ ਇਹੋ ਜਿਹੀ ਹਿਰਦੇ ਵਲੂੰਧਰਨ ਵਾਲੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ, ਭਾਵੇਂ ਹਾਲ ਦੀ ਘੜੀ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ |