ਪਟਿਆਲਾ, 20 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ (ਪੀਡੀਏ) ਵਲੋਂ ਆਪਣੀਆਂ ਤਕਰੀਬਨ 7 ਸਕੀਮਾਂ ਜੋ ਪਟਿਆਲਾ ਨਗਰ ਨਿਗਮ ਦੀ ਹਦੂਦ ਵਿਚ ਹਨ ਨਗਰ ਨਿਗਮ ਦੇ ਸਪੁਰਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ | ਇਨ੍ਹਾਂ 'ਚ ਅਕਾਲ ਕੰਪਲੈਕਸ ਨੇੜੇ ਅਮਰ ਆਸ਼ਰਮ ਪਟਿਆਲਾ, 15 ਏਕੜ ਸਕੀਮ (ਦੇਵੀਗੜ੍ਹ ਡਵੀਜ਼ਨ ਕਮਰਸ਼ੀਅਲ ਪਾਕਟ) ਨੇੜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, 2.26 ਏਕੜ ਪਾਕਟ-ਬੀ ਨਜ਼ਦੀਕ ਮਿੰਨੀ ਸੈਕਟਰੀਏਟ ਫੁਲਕੀਆਂ ਐਨਕਲੇਵ ਨਾਭਾ ਰੋਡ ਪਟਿਆਲਾ, ਕਮਰਸ਼ੀਅਲ ਪਾਕਟ ਨੇੜੇ ਸ਼ੇਰੇ ਪੰਜਾਬ ਮਾਰਕੀਟ ਪਟਿਆਲਾ, 3.65 ਏਕੜ ਪੀ.ਆਰ.ਟੀ.ਸੀ. ਸਾਈਟ ਨਾਭਾ ਰੋਡ ਪਟਿਆਲਾ ਸ਼ਾਮਿਲ ਹਨ | ਅੱਜ ਪੀਡੀਏ ਦੇ ਮੁੱਖ ਪ੍ਰਬੰਧਕ ਵਲੋਂ ਲਿਖਤੀ ਤੌਰ 'ਤੇ ਕਮਿਸ਼ਨਰ ਨਗਰ ਨਿਗਮ ਨੂੰ ਇਹ ਸੂਚਨਾ ਦਿੱਤੀ ਗਈ ਕਿ ਇਨ੍ਹਾਂ ਸਕੀਮਾਂ ਵਿਚ ਸਿਵਲ, ਪਬਲਿਕ ਹੈਲਥ, ਇਲੈਕਟ੍ਰੀਕਲ ਅਤੇ ਹਾਲਟੀਕਲਚਰ ਦੇ ਸਾਰੇ ਕੰਮ ਨਗਰ ਨਿਗਮ ਦੇ ਸਪੁਰਦ ਕਰ ਦਿੱਤੇ ਗਏ ਹਨ | ਜਿਸ ਲਈ ਆਉਂਦੀ 23 ਨੂੰ ਇਕ ਬੈਠਕ ਨਗਰ ਨਿਗਮ 'ਚ ਸੱਦੀ ਜਾਵੇ ਜਿਸ ਵਿਚ ਦੋਵਾਂ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ | ਇੱਥੇ ਦੱਸਣਯੋਗ ਹੈ ਕਿ ਨਗਰ ਨਿਗਮ ਇਨ੍ਹਾਂ ਇਲਾਕਿਆਂ 'ਚ ਪਹਿਲਾਂ ਹੀ ਪ੍ਰਾਪਰਟੀ ਟੈਕਸ ਇਕੱਤਰ ਕਰਦਾ ਹੈ | ਜਿਸ ਦੇ ਏਵਜ਼ ਵਜੋਂ ਇਹ ਕੰਮ ਨਗਰ ਨਿਗਮ ਮੁਲਾਜ਼ਮਾਂ ਤੋਂ ਲੈਣ ਦੀ ਵਿਉਂਤਬੰਦੀ ਕੀਤੀ ਗਈ | ਜਿਸ ਨਾਲ ਨਗਰ ਨਿਗਮ ਨੂੰ ਬਹੁਤੀ ਮਾਲੀ ਮਦਦ ਨਾ ਹੋ ਕੇ ਖ਼ਰਚਾ ਵਧਣ ਦੀ ਚਿੰਤਾ ਜ਼ਰੂਰ ਸਤਾਏਗੀ | ਇਨ੍ਹਾਂ ਯੋਜਨਾਵਾਂ 'ਚ ਵਪਾਰਕ ਜਾਂ ਘਰੇਲੂ ਉਸਾਰੀਆਂ ਕਰਨ ਮੌਕੇ ਨਕਸ਼ਾ ਪਾਸ ਕਰਵਾਉਣਾ ਅਤੇ ਉਸ ਦੀ ਬਣਦੀ ਫ਼ੀਸ ਪੀਡੀਏ ਕੋਲ ਹੀ ਜਮਾਂ ਹੋਵੇਗੀ | ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਵਿਭਾਗ ਦੇ ਤਹਿ ਸ਼ੁਦਾ ਨਿਯਮਾਂ ਦੇ ਉਲਟ ਉਸਾਰੀ ਕਰਦਾ ਹੈ ਤਾਂ ਉਸ ਦੀ ਨਿਗਰਾਨੀ ਵੀ ਪੀਡੀਏ ਕੋਲ ਹੈ |